7ਲੰਡਨ – ਆਈ ਐਸ ਵਿੱਚ ਸ਼ਾਮਲ ਭਾਰਤੀ ਮੂਲ ਦੇ ਨੌਜਵਾਨ ਸਿਧਾਰਥ ਧਰ ਦੀ ਭੈਣ ਕੋਨਿਕਾ ਧਰ ਨੇ ਆਖਿਆ ਹੈ ਕਿ ਉਸ ਦਾ ਭਰਾ ਜੇਹਾਦੀ ਬਣ ਚੁੱਕਾ ਹੈ। ਲੰਡਨ ਵਿੱਚ ਰਹਿਣ ਵਾਲੀ ਕੋਨਿਕਾ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਦੇ ਭਰਾ ਨੇ ਪਰਿਵਾਰ ਨਾਲ ਸੀਰੀਆ ਜਾਣ ਤੋਂ ਬਾਅਦ ਕਈ ਵਾਰ ਸੰਪਰਕ ਕੀਤਾ ਸੀ। ਜਿਸ ਵਿੱਚ ਉਸ ਨੇ ਆਖਿਆ ਸੀ ਕਿ ਉਹ ਆਈ ਐਸ ਲਈ ਮਰ ਵੀ ਸਕਦਾ ਹੈ।
ਕੋਨਿਕਾ ਅਨੁਸਾਰ ਸਿਧਾਰਥ ਨੇ ਫ਼ੋਨ ਉੱਤੇ ਦੱਸਿਆ ਸੀ ਕਿ ਉਹ ਆਈ ਐੱਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਅਤੇ ਉਸ ਲਈ ਕੁਝ ਵੀ ਕਰ ਸਕਦਾ ਹੈ। ਕੋਨਿਕਾ ਨੇ ‘ਦਾ ਸੰਡੇ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ।
ਕੋਨਿਕਾ ਅਨੁਸਾਰ ਸਿਧਾਰਥ ਨੂੰ ਡਰ ਹੈ ਕਿ ਜੇਕਰ ਉਹ ਵਾਪਸ ਬਰਤਾਨੀਆ ਆਉਂਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕੋਨਿਕਾ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਨੂੰ ਡ੍ਰੋਨ ਰਾਹੀਂ ਨਾਲ ਨਾ ਮਾਰਿਆ ਜਾਵੇ ਕਿਉਂਕਿ ਉਸ ਦਾ ਬ੍ਰੈਨਵਾਸ਼ ਆਈ ਐਸ ਨੇ ਕਰ ਦਿੱਤਾ ਹੈ। ਸਿਧਾਰਥ ਭਾਰਤੀ ਮੂਲ ਦਾ ਬਰਤਾਨੀਆ ਦਾ ਨਾਗਰਿਕ ਹੈ। ਹਿੰਦੂ ਧਰਮ ਛੱਡ ਕੇ ਇਸ ਨੇ ਇਸਲਾਮ ਧਰਮ ਅਪਣਾ ਲਿਆ ਸੀ। ਦੋ ਸਾਲ ਪਹਿਲਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੀਰੀਆ ਜਾ ਕੇ ਆਈ ਐਸ ਵਿੱਚ ਸ਼ਾਮਲ ਹੋ ਗਿਆ ਸੀ। ਯਾਦ ਰਹੇ ਕਿ ਆਈ ਐਸ ਵੱਲੋਂ ਪਿਛਲੇ ਦਿਨੀਂ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਇੱਕ ਦਹਿਸ਼ਤਗਰਦ ਬੰਧਕਾਂ ਦਾ ਸਿਰ ਕਲਮ ਕਰਦਾ ਦਿਖਾਈ ਦੇ ਰਿਹਾ ਹੈ। ਦਹਿਸ਼ਤਗਰਦ ਦੀ ਪਛਾਣ ਸਿਧਾਰਥ ਵਜੋਂ ਹੋਈ ਸੀ। ਸਿਧਾਰਥ ਨੂੰ ਜੇਹਾਦੀ ਜ਼ੋਨ ਵਜੋਂ ਵੀ ਜਾਣਿਆ ਜਾ ਰਿਹਾ ਹੈ।

LEAVE A REPLY