main newsਪੰਜ ਪਿਆਰੇ ਸਾਂਭਣ ‘ਕਮਾਂਡ’
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਸਿੱਖੀ ਵਿਚਾਰਧਾਰਾ ਪੰਜਾਬ ਵਿੱਚ ਜੰਮੀ, ਨੇਕ ਮਨੁੱਖਾਂ ਦੇ ਖ਼ੂਨ ਨਾਲ ਫ਼ਲੀ ਫ਼ੱਲੀ ਅਤੇ ਧਰਤੀ ਦੀ ਸਮੁੱਚੀ ਲੋਕਾਈ ਦੇ ਦੁੱਖਾਂ ਨੂੰ ਮੇਟਣ ਦੇ ਯੋਗ ਹੈ, ਪਰ ਅੱਜ ਉਹ ਆਪਣੇ ਹੀ ਘਰ ਵਿੱਚ ਕਾਤਲਾਂ, ਮੂਰਖਾਂ, ਪਾਪੀਆਂ ਅਤੇ ਦੁਸ਼ਟਾਂ ਦੀਆਂ ਮਾਰਾਂ ਸਦਕਾ ਜ਼ਖਮੀ ਤੇ ਬੇਹਾਲ ਪਈ ਹੈ। ਸਾਡੀ ਰਾਏ ਵਿੱਚ ਅੱਜ ਇਸ ਦੀ ਤੰਦਰੁਸਤੀ ਕੇਵਲ ਪੰਜ ਪਿਆਰੇ ਹੀ ਕਰਨ ਦੇ ਅਸਲ ਯੋਗ ਪੁਰਖ ਹਨ। ਆਓ ਵੇਖੀਏ ਕਿਵੇਂ: ‘ਪੰਜਾਬ’ ਉਸ ‘ਹਿੰਦੁਸਤਾਨ’ ਦਾ ਹਿੱਸਾ ਸੀ ਜਿਸ ਨੂੰ ਅੱਜ ਭਾਰਤ ਕਿਹਾ ਜਾਂਦਾ ਹੈ। ਲਿਖਤਾਂ ਦਸਦੀਆਂ ਹਨ ਕਿ ਉਪਰੋਕਤ ਪਹਿਲੇ ਦੋ ਨਾਂ ਬਾਬੇ ਨਾਨਕ ਜੀ ਦੀ ਦੇਣ ਸਨ। ਮੁਗ਼ਲਾਂ-ਪਠਾਣਾਂ ਦੇ ਰਾਜ ਪ੍ਰਬੰਧ ਸਮੇਂ ਮੂਰਤੀ ਪੂਜਾ ਅਤੇ ਵਰਣ ਵੰਡ ਜਿਹੇ ਮਿਥਕ ਵਿਚਾਰਾਂ ਦੀਆਂ ਇਸਲਾਮੀ ਵਿਚਾਰਧਾਰਾ ਨਾਲ ਸਦੀਵੀ ਟੱਕਰਾਂ ਕੋਈ ਕੁਦਰਤੀ ਵਰਤਾਰਾ ਨਹੀਂ ਸਗੋਂ ਇੱਕ ਮਨੁੱਖੀ ਉਪਜ ਸਨ। ਇਸੇ ਸਭਿਆਚਾਰਾਂ ਦੀ ਪਛਾਣ ਦੀ ਜੰਗ ਕਰ ਕੇ ਬਾਬਾ ਨਾਨਕ ਜੀ ਨੇ ਨਿਚੋੜ ਕੱਢਿਆ ਸੀ ਕਿ ‘ਨਾ ਕੋ ਹਿੰਦੂ ਨਾ ਮੁਸਲਮਾਨ’। ਅੱਗੇ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਫ਼ੁਰਮਾਇਆ: ‘ਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ।’ ਧਿਆਨ ਦੇਣਾ! ਕੁਦਰਤ ਦੇ ਵਿਕਾਸ ਦੇ ਇਤਿਹਾਸ ਅਨੁਸਾਰ ਮਨੁੱਖੀ ਉਪਜ ਅੱਜ ਤੋਂ ਲਗਭਗ 4 ਲੱਖ ਸਾਲ ਪਹਿਲਾਂ ਅਰੰਭ ਹੋਈ ਸੀ। ਉਪਰੋਕਤ ਦੋਵੇਂ ਮਹਾਨ ਗੁਰੂ-ਬਚਨ ਅਜੋਕੀ ਸਮੁੱਚੀ ਧਰਤੀ ‘ਤੇ ਛਿੜੀਆਂ ਖ਼ੂਨੀ ਟੱਕਰਾਂ ਮਿਟਾਉਣ ਲਈ ਸਹਾਈ ਬਣਦੇ ਹਨ। ਇਹੋ ਹੀ ਮਹੱਤਵ ਹੈ ਅਜੋਕੀ ਕੌਮਾਂਤਰੀ ਰਾਜਨੀਤੀ ਨੂੰ ਖ਼ੂਨੀ ਝਗੜਿਆਂ ਵਿੱਚੋਂ ਕੱਢਣ ਲਈ ਗੁਰਬਾਣੀ ਦਾ। ਦੂਜਾ ਵੱਡਾ ਗੁਣ ਹੈ ਇਸ ਦਾ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਆਸਰਾ ਬਣ ਕੇ ਅਮੀਰੀ-ਗ਼ਰੀਬੀ ਦੇ ਅਜੋਕੇ ਵੱਡੇ ਟਕਰਾਅ ਨੂੰ ਖ਼ਤਮ ਕਰਨਾ। ‘ਮਾਰਕਸਵਾਦ’ ਦਾ ਇਹ ਉਪਰਾਲਾ ਵੱਡੇ ਯਤਨਾਂ ਮਗਰੋਂ ਵੀ ਅਜੇ ਤਾਈਂ ਸਫ਼ਲ ਨਹੀਂ ਹੋਇਆ। ਇਹ ਲੜੀ ਲੰਮੀ ਹੈ ਜਿਵੇਂ: ‘ਸਭੈ ਸਾਂਝੀਵਾਲ ਸਦਾਇਨ ਕੋਈ ਨਾ ਦੀਸੇ ਬਾਹਰਾ ਜੀਓ।’ ਭਾਰਤ ਦੇ ਅਜੋਕੇ ਰਾਜਨੀਤਿਕ ਬ੍ਰਾਹਮਣੀ ਅਤੇ ਬਾਣੀਆਵਾਦੀ ਰੂਪ ਵਿੱਚ ਕਾਂਗਰਸੀ ਅਤੇ ਭਾਜਪਾਈ ਹੁੰਦੇ ਹੋਏ ਗੁਰਬਾਣੀ ਦੇ ਉਪਰੋਕਤ ਨੇਕ ਗੁਣਾਂ ਨੂੰ ਸਹਿਣ ਕਰਨ ਲਈ ਤਿਆਰ ਨਹੀਂ। ਪੰਜਾਬ ਅੰਦਰ ਬਾਣੀਆਂ, ਆਰੀਆ ਸਮਾਜੀਆਂ ਅਤੇ ਕਿਰਤੀਆਂ ਦਾ ਰਿਸ਼ਤਾ ਇੱਕ ਮਿਸਾਲ ਹੈ। ਨਤੀਜੇ ਵਜੋਂ ਇਹ ਦੋਵੇਂ ਧਿਰਾਂ ਹਰ ਹੀਲੇ ਗੁਰਬਾਣੀ ਉਪਾਸਕ ਸਿੱਖਾਂ ਜਾਂ ਜਿੱਥੇ ਇਹ ਵਿਚਾਰ ਦਰਜ ਹਨ ਉਨ੍ਹਾਂ ਲਿਖਤਾਂ ਨੂੰ ਮਿਟਾਉਣ ਲਈ ਸਿਰ ਤੋੜ ਯਤਨ ਕਰ ਰਹੀਆਂ ਹਨ।
ਇਹ ਵਿਨਾਸ਼ਕਾਰੀ ਵਰਤਾਰਾ ਕਈ ਢੰਗ ਤਰੀਕਿਆਂ ਨਾਲ ਸਰਕਾਰਾਂ ਵਲੋਂ ਪੰਜਾਬ ਅਤੇ ਸਿੱਖਾਂ ‘ਤੇ ਲਾਗੂ ਕੀਤਾ ਗਿਆ। ਇਸ ਸਾੜਸਤੀ ਵਿੱਚ ਕਥਿਤ ਸਿੱਖ ਭਾਈਚਾਰੇ ਵਿੱਚੋਂ ਵਿਕਾਊ-ਮਾਲ ਨੇ ਵਿਚਾਰਧਾਰਕ ਅਤੇ ਜਿਸਮਾਨੀ ਰੂਪ ਵਿੱਚ ਵੱਡੀ ਸਹਾਇਤਾ ਕੀਤੀ ਹੈ। ਇਸ ਲੜੀ ਦੇ ਅਜੋਕੇ ਮੁੱਖ ਦੋਸ਼ੀ ਆਗੂ ਹਨ; ਬਾਦਲਕੇ, ਅਮਰਿੰਦਰਕੇ, ਖ਼ਾਲਿਸਤਾਨੀ ਮਾਨਕੇ (ਜਿਸ ਦੀ ਖ਼ਾਲਿਸਤਾਨੀ ਪਹੁੰਚ ਗੁਰਬਾਣੀ ਦੀ ਦੁਸ਼ਮਣ ਹੈ), ਗੁਰਧਾਮਾਂ ਅੰਦਰ ਕਰਾਮਾਤਾਂ ਨੂੰ ਮੰਨਣ ਵਾਲੇ ਪੁਜਾਰੀ, ਗੋਲਕਾਂ ਲੁੱਟਣ ਵਾਲੇ ਹਰਚਰਨਕੇ ਆਦਿ। ਇਸ ਲੜੀ ਦੇ ਥੋੜ੍ਹੇ ਵੱਖਰੇ ਡੰਡਾ ਬਰਦਾਰ ਤੇ ਨਸ਼ਿਆਂ ਦੇ ਖਿਡਾਰੀ ਹਨ, ਸੁਖਬੀਰੀਏ ਅਤੇ ਮਜੀਠੀਏ। ਪਾਪੀਆਂ ਦੀ ਲੜੀ ਹੈ ਤਾਂ ਬਹੁਤ ਲੰਮੀ, ਪਰ ਕਿਉਂਕਿ ਇਹਨਾਂ ਦੀ ਪਿੱਠ ਪੂਰਤੀ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਵੀ ਕਰ ਰਹੀਆਂ ਹਨ, ਇਸ ਲਈ ਆਮ ਸਿੱਖਾਂ ਅਤੇ ਕਥਿਤ ਜਥੇਦਾਰਾਂ ਦਾ ਵੀ ਇਹਨਾਂ ਅੱਗੇ ਅਣਖ ਨਾਲ ਵਿਚਰਨਾ ਔਖਾ ਹੋਇਆ ਪਿਆ ਹੈ। ਗੁਰਬਾਣੀ ਤੇ ਇਸ ਦੇ ਕੇਂਦਰ ਨੋਚੇ ਜਾ ਰਹੇ ਹਨ।
ਅੰਮ੍ਰਿਤਸਰ ਵਸਾਉਣ ਲਈ ‘ਰੁਲਤੇ ਫ਼ਿਰਤੇ’ ਜੇਠਾ ਜੀ ਨੇ ਦੋ ਪਿੰਡਾਂ ਦੀ ਧਰਤੀ ਮੁੱਲ ਖ਼ਰੀਦ ਕੇ ਸਰੋਵਰ ਬਣਵਾਇਆ। ਉਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੀਰ ਮੀਆਂ ਮੀਰ ਪਾਸੋਂ 13 ਜਨਵਰੀ 1588 ਨੂੰ ਨੀਂਹ ਰਖਵਾ ਕੇ ਹਰਿਮੰਦਰ ਸਾਹਿਬ ਉਸਰਵਾਇਆ। ਫ਼ਿਰ ਉਸ ਵਿੱਚ ਸਮੁੱਚੇ ਹਿੰਦੋਸਤਾਨ ਦੀਆਂ ਨੇਕ ਲਿਖਤਾਂ ਦਾ ਸੰਗ੍ਰਹਿ ਗੁਰੂ ਗ੍ਰੰਥ ਸਾਹਿਬ ਸਥਾਪਤ ਕੀਤਾ। ਅੱਜ ਇਸ ਸਭ ਕੁਝ ‘ਤੇ ਬਾਣੀਏ, ਬ੍ਰਾਹਮਣ ਤੇ ਉਨ੍ਹਾਂ ਦੇ ਪਗੜੀ ਤੇ ਕੇਸਾਧਾਰੀ ਏਜੰਟ ਉੱਥੇ ਖ਼ਰੂਦ ਮਚਾ ਕੇ ਆਪਣੇ ਨਿੱਜੀ ਲਾਭਾਂ ਲਈ ਪੱਕੇ ਰੂਪ ਵਿੱਚ ਕਾਬਜ਼ ਹੋਣ ਲਈ ਯਤਨਸ਼ੀਲ ਹਨ। ਇਸ ਸਿਲਸਿਲੇ ਵਿੱਚ ਸੱਚੇ ਸੁੱਚੇ ਸਿੱਖ ਭਾਈਚਾਰੇ ਨੇ ਜੋ ਜ਼ੁਲਮ ਝੱਲੇ ਉਹ ਬਿਆਨੋਂ ਬਾਹਰ ਹਨ। ਭਾਰਤ ਦੀਆਂ ਵੱਡੀਆਂ ਅਦਾਲਤਾਂ ਵੀ ਇਹਨਾਂ ਜ਼ੁਲਮਾਂ ਦਾ ਕੋਈ ਨਿਆਂ ਦੇਣ ਲਈ ਤਿਆਰ ਨਹੀਂ, ਉਲਟਾ ਮਜ਼ਲੂਮਾਂ ਉੱਪਰ ਹੀ ‘ਅਤਿਵਾਦੀ’ ਹੋਣ ਦੇ ਠੱਪੇ ਲਾ ਕੇ ਪਾਪੀਆਂ ਨੂੰ ਸ਼ਹਿ ਦੇ ਰਹੀਆਂ ਹਨ।
ਇਹ ਪਿਛੋਕੜ ਹੈ ਜਿਸ ਵਿੱਚ ਪਾਪੀਆਂ ਤੇ ਸੱਜਣ ਠੱਗਾਂ ਨੂੰ ਲਾਂਭੇ ਕਰਨ ਲਈ ਸਤਿਕਾਰਯੋਗ ਪੰਜ ਪਿਆਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ। ਉਪਰੋਕਤ ਸਥਿਤੀ ਦਾ ਮੁਲਾਂਕਣ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਨੇ ਸਤਿਕਾਰਯੋਗ ਅੰਨਾ ਹਜ਼ਾਰੇ ਦੇ ਸਮਰਥਕਾਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਅੰਦਰ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ‘ਚੰਬਲ ਕਾ ਡਾਕੂ’ ਕਹਿਣ ਵਾਲੀ ਪਾਰਟੀ ਦਾ
ਪੰਜਾਬ ਦਾ ਕਨਵੀਨਰ ਬਣਾ ਕੇ, ਸਿੱਖੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਭਾਈਵਾਲਾਂ ਵਜੋਂ, ਸੁੱਚਾ ਸਿੰਘ ਛੋਟੇਪੁਰ ਨੂੰ ਇੱਥੇ ਲਿਆ ਖੜ੍ਹਾ ਕੀਤਾ ਹੈ। ਸੱਜਣ ਠੱਗ ਦੇ ਰੂਪ ਵਿੱਚ ਇਹ ਪਾਰਟੀ ਗੁਰਬਾਣੀ ਅਨੁਸਾਰ ਪੰਜਾਬ ਦਾ ਕਲਿਆਣ ਕਰਨ ਦੇ ਦਾਅਵੇ ਬੰਨ੍ਹ ਰਹੀ ਹੈ। ਇੱਕ ਵੱਡਾ ਸ਼ੁਗਲੀ ਲਾਣਾ ਇਨ੍ਹਾਂ ਰਾਸਧਾਰੀਆਂ ਵਿੱਚ ‘ਸਤਿਕਾਰ’ ਪ੍ਰਾਪਤ ਕਰਨ ਲਈ ਥਾਂ ਬਣਾ ਰਿਹਾ ਹੈ। ਹੁਣ ਇਹ 14 ਜਨਵਰੀ ਨੂੰ ਮਾਘੀ ਦੇ ਅਵਸਰ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਨੂੰ ਸੱਦ ਕੇ ਪੰਜਾਬ ਦੇ ਕਸ਼ਟ ਕੱਟਣ ਵਾਲੇ ਆਗੂ ਵਜੋਂ ਪੇਸ਼ ਕਰਨ ਜਾ ਰਹੇ ਹਨ। ਸ਼ਾਇਦ ਐਨਾ ਕਿਸੇ ਨੂੰ ਚੇਤੇ ਨਹੀਂ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਇੱਕ ਮੁਕਤੀ ਦੇ ਦਾਤੇ ਵਜੋਂ ਉਪਜੇ ਸਨ ਜਿਨ੍ਹਾਂ ਨੇ 40 ਬੇਦਾਵਾ ਦੇਣ ਵਾਲੇ ਸਿੱਖਾਂ ਨੂੰ ਮੁਕਤੀ ਦੇ ਮੁਕਟ ਪੁਆਏ ਸਨ, ਪਰ ਸੀਸ ਭੇਂਟ ਕਰਨ ਮਗਰੋਂ। ਇਹ ਇਤਿਹਾਸ ਹੈ ਸਿੱਖਾਂ ਦਾ। ਕੇਜਰੀਵਾਲ ਅਤੇ ਸੁੱਚੇ ਦੇ ਸਮਰਥਕੋ 14 ਜਨਵਰੀ ਨੂੰ ਮਾਘੀ ਦੇ ਅਵਸਰ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬੀਆਂ ਨੂੰ ਕੁਰਾਹੇ ਪਾਉਣ ਦਾ ਡਰਾਮਾ ਕਰਨ ਤੋਂ ਪਹਿਲਾਂ ਥੋੜ੍ਹਾ ਅਕਲ ਤੋਂ ਕੰਮ ਲੈ ਲਿਓ। ਮਾਘੀ ਦੀ ਉਪਰੋਕਤ ਵਿਰਾਸਤ ਨੂੰ ਸਾਂਭਣ ਲਈ ਸਾਡੀ ਸਤਿਕਾਰਯੋਗ ਪੰਜ ਪਿਆਰਿਆਂ ਨੂੰ ਬੇਨਤੀ ਹੈ ਕਿ ਉਹ ਇਸ ਅਵਸਰ ‘ਤੇ ਇੱਕ ਵੱਡਾ ਪੰਥਕ ਇਕੱਠ ਉੱਥੇ ਬੁਲਾਉਣ ਜਿਸ ਦਾ ਨਾਂ ਭਾਵੇਂ ਦਸਵੇਂ ਪਿਤਾ ਦੀ ਦੇਣ ‘ਮੁਕਤੀ ਦਿਵਸ’ ਰੱਖ ਲੈਣ। ਉੱਥੇ ਲਗਭਗ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਵਲੋਂ ਸਿਰਜੇ ਗਏ ਸ਼ਬਦ, ਵਾਰਾਂ ਤੇ ਬਾਣੀ ਦੀਆਂ ਧੁਨਾਂ ਹੀ ਗਾਈਆਂ ਜਾਣ ਜੋ ਉੱਥੇ ਵਿਚਰਣ ਵਾਲੇ ਚੌਧਰਾਂ ਦੇ ਭੁੱਖੇ ਨਾਟਕਬਾਜ਼ਾਂ ਨੂੰ ਕਰਾਰਾ ਜਵਾਬ ਦੇਣ!

LEAVE A REPLY