5ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 2125.69 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਅਤੇ ਸਰਹਿੰਦ ਫੀਡਰਾਂ ਦੇ ਕਿਨਾਰੇ ਮਜ਼ਬੂਤ ਕਰਨ ਸਮੇਤ 5236.71 ਕਰੋੜ ਰੁਪਏ ਦੇ ਲੰਬਿਤ ਪਏ ਵੱਖ-ਵੱਖ ਸਿੰਚਾਈ ਪ੍ਰਾਜੈਕਟਾਂ ਨੂੰ ਛੇਤੀ ਤੋਂ ਛੇਤੀ ਹਰੀ ਝੰਡੀ ਦੇਣ ਵਾਸਤੇ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਉਮਾ ਭਾਰਤੀ ਨੂੰ ਅਪੀਲ ਕੀਤੀ ਹੈ। ਸ. ਬਾਦਲ ਸੋਮਵਾਰ ਸਵੇਰੇ ਸ਼੍ਰਮ ਸ਼ਕਤੀ ਭਵਨ ਵਿਖੇ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰੀ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲੇ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਅੱਪਰ ਬਾਰੀ ਦੋਆਬ ਕਨਾਲ (ਯੂ.ਬੀ.ਡੀ.ਸੀ) ਦੇ ਸਹਾਇਕ ਕੰਮਾਂ ਸਮੇਤ ਵੱਖ ਵੱਖ ਰਜਵਾਹਿਆਂ ਦੀ ਮੁਰੰਮਤ ਤੇ ਆਧੁਨਿਕੀਕਰਨ ਲਈ 1375 ਕਰੋੜ ਰੁਪਏ ਦੇ ਪ੍ਰਾਜੈਕਟ ਤੁਰੰਤ ਮਨਜ਼ੂਰ ਕਰਕ ਫੰਡ ਜਾਰੀ ਕੀਤੇ ਜਾਣ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸਤਲੁਜ ਦਰਿਆ ਤੋਂ ਨਿਕਲਦੀਆਂ ਨਹਿਰਾਂ ਦੀ ਮੁਰੰਮਤ ਤੇ ਆਧੁਨਿਕੀਕਰਨ ਲਈ ਪ੍ਰਾਜੈਕਟ ਵਾਸਤੇ918.25 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦੀ ਮੰਗ ਕੀਤੀ ਕਿਉਂਕਿ ਇਹ ਪ੍ਰਾਜੈਕਟ 13 ਨਵੰਬਰ, 2015 ਨੂੰ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਵਾਨ ਕੀਤਾ ਜਾ ਚੁੱਕਾ ਹੈ।
ਵੱਖ-ਵੱਖ ਸਿੰਚਾਈ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨਗੀ ਦੇਣ ਦੀ ਅਪੀਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ 284.98 ਕਰੋੜ ਰੁਪਏ ਦੇ ਸਵਾਨ ਰਿਵਰ ਫਲੱਡ ਮੈਨੇਜਮੈਂਟ ਪ੍ਰਾਜੈਕਟ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਦਰਿਆ ਪ੍ਰਬੰਧਨ ਸਰਗਰਮੀਆਂ ਦੇ ਹੇਠ 161.04 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਪ੍ਰਾਜੈਕਟ ਸ਼ੁਰੂ ਕਰਨ ਲਈ ਫੰਡ ਮੁਹੱਈਆ ਕਰਵਾਉਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ 135.63 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਵਾਲੇ ਪ੍ਰਾਜੈਕਟ ਦੀ ਮੰਜ਼ੂਰੀ ਦੀ ਵੀ ਮੰਗ ਕੀਤੀ।
ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਹੜ੍ਹ ਪ੍ਰਬੰਧਨ ਪ੍ਰਾਜੈਕਟ ਹੇਠ ਬਿਆਸ ਦਰਿਆ ਦੇ ਨਾਲ ਹੜ੍ਹ ਸੁਰੱਖਿਆ ਕੰਮ ਸ਼ੁਰੂ ਕਰਨ ਵਾਸਤੇ 46.12 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ 190 ਕਰੋੜ ਰੁਪਏ ਦੀ ਲਾਗਤ ਨਾਲ ਸੱਕੀ/ਕਿਰਨ ਨਾਲਿਆਂ ਦੇ ਕਿਨਾਰੇ ਮਜ਼ਬੂਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਸਰਹਦੀ ਇਲਾਕੇ ਵਿਚ ਰਹਿ ਰਹੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ।
ਸ. ਬਾਦਲ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਕੇਂਦਰੀ ਜਲ ਸਰੋਤ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਇਸ ਸਮੁੱਚੇ ਮਾਮਲੇ ਦਾ ਅਧਿਐਨ ਕਰਨ ਤੋਂ ਬਾਅਦ ਅੰਤਿਮ ਫੈਸਲਾ ਲੈਣਗੇ। ਉਨ੍ਹਾਂ ਨੇ ਸ. ਬਾਦਲ ਨੂੰ ਇਹ ਭਰੋਸਾ ਦਵਾਇਆ ਕਿ ਵੱਖ ਵੱਖ ਪ੍ਰਾਜੈਕਟਾਂ ਹੇਠ ਲੋੜੀਂਦੇ ਫੰਡਾਂ ਦੀ ਕੀਤੀ ਗਈ ਮੰਗ ਨੂੰ ਛੇਤੀ ਪੂਰਾ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੇ ਨਾਲ ਸਕੱਤਰ ਸਿੰਚਾਈ ਸ੍ਰੀ ਕੇ.ਐਸ. ਪਨੂੰ ਵੀ ਹਾਜ਼ਰ ਸਨ। ਇਸ ਮੌਕੇ ਭਾਰਤ ਸਰਕਾਰ ਦੇ ਜਲ ਵਸੀਲਿਆਂ ਦੇ ਸਕੱਤਰ ਸ੍ਰੀ ਸਸ਼ੀ ਸੇਖਰ ਅਤੇ ਵਿਸ਼ੇਸ਼ ਸਕੱਤਰ ਡਾ. ਅਮਰਜੀਤ ਸਿੰਘ ਹਾਜ਼ਰ ਸਨ।

LEAVE A REPLY