5ਚੰਡੀਗੜ੍ਹ  : ਪਵਿੱਤਰ ਵੇਈਂ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ  ਵੇਈਂ ਵਿੱਚ ਸਿੱਧ ਅਤੇ ਅਸਿੱਧੇ ਤੌਰ ‘ਤੇ ਅਣਸੋਧਿਆ ਪਾਣੀ ਪੈਣ ਤੋਂ ਰੋਕਣ ਦੇ ਵਾਸਤੇ ਅੱਜ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਜਿਲ੍ਹਿਆਂ ਵਿੱਚ ਉਸਾਰੇ ਜਾਣ ਵਾਲੇ ਤਲਾਬਾਂ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀਜ਼) ਦੀ ਸਥਿਤੀ ਦਾ ਜਾਇਜਾ ਲਿਆ।
ਕਪੂਰਥਲਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਦੇ ਚੇਅਰਮੈਨ ਨੂੰ ਉਨ੍ਹਾਂ ਇਲਾਕਿਆਂ ਦਾ ਨਿੱਜੀ ਤੌਰ ‘ਤੇ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਵਿੱਚ ਕੁਝ ਤਕਨੀਕੀ ਕਾਰਨਾਂ ਕਰਕੇ ਤਲਾਬਾਂ ਦੇ ਨਿਰਮਾਣ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟਾ (ਐਸ.ਟੀ.ਪੀਜ਼) ਸਥਾਪਿਤ ਕਰਨ ਦਾ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਨੇ ਪੀ.ਪੀ.ਸੀ.ਬੀ ਦੇ ਚੇਅਰਮੈਨ ਨੂੰ ਕੁਝ ਪਿੰਡਾਂ ਵਿਚ ਜ਼ਮੀਨ ਦਾ ਪ੍ਰਬੰਧ ਕਰਨ ਲਈ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਆਖਿਆ ਹੈ ਜਿਥੇ ਕਿ ਇਸ ਜ਼ਮੀਨ ਦੀ ਸੀਵਰੇਜ਼ ਟਰੀਟਮੈਂਟ ਪਲਾਂਟ ਅਤੇ ਤਲਾਬਾਂ ਦਾ ਨਿਰਮਾਣ ਕਰਨ ਲਈ ਜ਼ਰੂਰਤ ਹੈ।
ਮÎੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਾਇੰਸ ਅਤੇ ਤਕਨੋਲੋਜੀ ਅਤੇ ਵਾਤਾਵਰਣ ਤੋਂ ਇਲਾਵਾ ਆਪਣੇ ਪ੍ਰਮੁੱਖ ਸਕੱਤਰ ਨੂੰ ਸਾਰੇ ਵਿਵਾਦਤ ਮੁੱਦਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰਾਂ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਮੀਟਿੰਗ ਕਰਨ ਲਈ ਆਖਿਆ ਹੈ ਜੋ ਕਿ ਪਵਿੱਤਰ ਵੇਈਂ ਦੀ ਸਫ਼ਾਈ ਦੇ ਲਈ ਵੱਡੀ ਚੁਣੌਤੀ ਅਤੇ ਅੜਿੱਕਾ ਬਣਿਆ ਹੋਇਆ ਹੈ। ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਵੱਖ ਵੱਖ ਏਜੰਸੀਆਂ ਵਿੱਚ ਤਾਲਮੇਲ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਸ. ਬਾਦਲ ਨੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਸਬੰਧਿਤ ਪੰਚਾਇਤਾਂ ਅਤੇ ਹੋਰਨਾਂ ਅਧਿਕਾਰੀਆਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਤਾਇਨਾਤ ਕੀਤਾ ਹੈ ਤਾਂ ਜੋ ਇਸ ਸ਼ਾਨੇਮੱਤੇ ਪ੍ਰੋਜੈਕਟ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ।
ਸੰਤ ਸੀਚੇਵਾਲ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ.  ਦੇ ਚੇਅਰਮੈਨ ਨੂੰ ਆਖਿਆ ਕਿ ਉਹ ਜਿੱਥੇ ਵੀ ਜ਼ਰੂਰਤ ਹੈ ਓਥੇ ਛੱਪੜਾਂ ਦੇ ਪਾਣੀ ਨੂੰ ਬਾਹਰ ਕੱਢਣ ਲਈ ਤਰੁੰਤ ਬਿਜਲੀ ਦੇ ਕੁਨੈਕਸ਼ਨ ਜਾਰੀ ਕਰਨ ਤਾਂ ਜੋ ਇਹ ਪ੍ਰਮੁੱਖ ਕਾਰਜ ਬਿਨਾ ਕਿਸੇ ਦੇਰੀ ਤੋਂ ਮੁਕੰਮਲ ਹੋ ਸਕੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਕਪੂਰਥਲਾ ਜਿਲ੍ਹੇ ਦੇ ਉਨ੍ਹਾਂ 28 ਪਿੰਡਾਂ ਵਿੱਚੋਂ 23 ਪਿੰਡਾਂ ਵਿੱਚ ਤਲਾਬਾਂ ਦਾ ਨਿਰਮਾਣ ਕਰ ਦਿੱਤਾ ਹੈ ਜਿਨ੍ਹਾਂ ਦਾ ਪਾਣੀ ਸਿੱਧੇ ਤੌਰ ‘ਤੇ ਪਵਿੱਤਰ ਵੇਈਂ ਵਿੱਚ ਪੈਂਦਾ ਸੀ। ਇਸ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਦੇ ਜਿਨ੍ਹਾਂ 25 ਪਿੰਡਾਂ ਵਿੱਚੋਂ 15 ਪਿੰਡਾਂ ਦਾ ਅਣਸੋਧਿਆ ਪਾਣੀ ਅਸਿੱਧੇ ਤੌਰ ‘ਤੇ ਵੇਈਂ ਵਿੱਚ ਜਾਂਦਾ ਸੀ ਉਨ੍ਹਾਂ ਵਿੱਚ ਅਜਿਹੇ ਤਲਾਬ ਮੁਹਈਆ ਕਰਵਾਏ ਗਏ ਹਨ।
ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਜਿਲ੍ਹੇ ਦੇ 18 ਪਿੰਡਾਂ ਵਿੱਚੋਂ 12 ਪਿੰਡਾਂ ਵਿੱਚ ਪਹਿਲਾਂ ਹੀ ਪਾਣੀ ਵਾਲੇ ਤਲਾਬ ਉਸਾਰੇ ਗਏ ਹਨ ਜਿਨ੍ਹਾਂ ਦਾ ਅਣਸੋਧਿਆ ਪਾਣੀ ਸਿੱਧੇ ਤੌਰ ‘ਤੇ ਪਵਿੱਤਰ ਵੇਈ ਵਿੱਚ ਪੈਂਦਾ ਸੀ। ਮੀਟਿੰਗ ਵਿੱਚ ਪੀ.ਪੀ.ਸੀ.ਬੀ. ਦੇ ਚੇਅਰਮੈਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੈਸਰਜ਼ ਜੇ.ਸੀ.ਟੀ. ਲਿਮਟਿਡ ਫਗਵਾੜਾ, ਮੈਸਰਜ਼ ਸੁਖਜੀਤ ਸਟਾਰਚ ਐਂਡ ਕੈਮੀਕਲ ਅਤੇ ਮੈਸਰਜ਼ ਵਾਹਿਦ ਸੰਧਰ ਸ਼ੂਗਰ ਮਿੱਲ ਦੇ ਨਿਕਲਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਇਸ ਵਿਚਲੇ ਤੱਤ ਬੋਰਡ ਵੱਲੋਂ ਨਿਰਧਾਰਤ ਸੀਮਾਂ ਵਿਚ ਹੀ ਪਾਏ ਗਏ ਹਨ।
ਸ. ਬਾਦਲ ਨੇ ਚੀਫ਼ ਕੰਜਰਵੇਟਰ ਆਫ ਸੋਇਲ ਨੂੰ ਆਖਿਆ ਹੈ ਕਿ ਉਹ ਜਲੰਧਰ ਦੇ ਡਵੀਜ਼ਨਲ ਸੋਇਲ ਕੰਜਰਵੇਸ਼ਨ ਅਧਿਕਾਰੀਅ ਨੂੰ ਹਦਾਇਤ ਜਾਰੀ ਕਰਨ ਕਿ ਉਹ ਇਸ ਇਲਾਕੇ ਵਿੱਚ ਭੂਮੀਦੋਜ਼ ਪਾਇਪਾਂ ਪਾਉਣ ਤੋਂ ਪਹਿਲਾਂ ਸੰਤ ਸੀਚੇਵਾਲ ਨਾਲ ਸੰਪਰਕ ਵਿੱਚ ਰਹਿਣ ਤਾਂ ਜੋ ਭੌਂ ਸੰਭਾਲ ਪ੍ਰੋਜੈਕਟ ਨੂੰ ਅੰਤਿਮ ਰੂਪ ਦਿੰਦੇ ਹੋਏ ਵਾਤਾਵਰਣ ਦੇ ਪੱਖ ਤੋਂ ਅਹਿਮ ਮੁਹਾਰਤ ਦਾ ਫਾਇਦਾ ਉਠਾਇਆ ਜਾ ਸਕੇ। ਇਸ ਨਾਲ ਅਜਿਹੇ ਵਾਤਾਵਰਣ ਪ੍ਰੋਜੈਕਟਾਂ ਨੂੰ ਵਧੀਆ ਤਰੀਕੇ ਨਾਲ ਲਾਗੂ ਕੀਤਾ ਜਾ ਸਕੇਗਾ।
ਮੁੱਖ ਮੰਤਰੀ ਨੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਤੋਂ ਪਵਿੱਤਰ ਵੇਈਂ ਵਿੱਚ ਢੁਕਵਾਂ ਪਾਣੀ ਛੱਡਣ ਨੂੰ ਯਕੀਨੀ ਬਨਾਉਣ ਲਈ ਪੱਥਰ ਲਾਉਣ ਦਾ ਕੰਮ ਸ਼ੁਰੂ ਕਰਨ ਲਈ ਸਿੰਚਾਈ ਵਿਭਾਗ ਦੇ ਡਰੇਨਜ਼ ਵਿੰਗ ਨੂੰ ਤਰੁੰਤ ਇੱਕ ਕਰੋੜ ਰੁਪਏ ਜਾਰੀ ਕਰਨ ‘ਤੇ ਸਹਿਮਤੀ ਪ੍ਰਗਟਾਈ ਤਾਂ ਜੋ ਇਸ ਵੇਈਂ ਵਿੱਚ ਸਾਫ਼ ਅਤੇ ਚੋਖਾਂ ਪਾਣੀ ਆ ਸਕੇ ਅਤੇ ਹਰ ਕੀਮਤ ‘ਤੇ ਇਸ ਦੀ ਮਰਿਆਦਾ ਬਹਾਲ ਰੱਖੀ ਜਾ ਸਕੇ।
ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਵਿੱਤਰ ਵੇਈਂ ‘ਤੇ 7 ਪੁਲਾਂ ਵਿੱਚੋਂ ਚਾਰ ਪੁਲ ਪਹਿਲਾਂ ਹੀ ਸਥਾਪਿਤ ਕਰ ਦਿੱਤਾ ਹਨ ਜਦਕਿ ਬਾਕੀ ਤਿੰਨਾਂ ਦਾ ਕੰਮ ਸਿੰਚਾਈ ਵਿਭਾਗ ਵੱਲੋਂ ਲੋੜੀਂਦੀ ਸਮੱਗਰੀ ਮਿਲਣ ਤੋਂ ਬਾਅਦ ਛੇਤੀਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਇਸ ਪਵਿੱਤਰ ਵੇਈਂ ਦੀ ਮਰਿਆਦਾ ਅਤੇ ਸ਼ਾਨ ਨੂੰ ਬਹਾਲ ਕਰਨ ਲਈ ਮੁੱਖ ਮੰਤਰੀ ਵੱਲੋਂ ਨਿੱਜੀ ਤੌਰ ‘ਤੇ ਲਈ ਜਾ ਰਹੀ ਦਿਲਚਸਪੀ ਲਈ ਧਨਵਾਦ ਕੀਤਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ,  ਪ੍ਰਮੁੱਖ ਸਕੱਤਰ ਸਾਇੰਸ ਅਤੇ ਤਕਨੋਲੋਜੀ ਅਤੇ ਵਾਤਾਵਰਣ ਸ੍ਰੀ ਜੀ. ਵਿਜਰਾਲਿੰਗਮ, ਸਕੱਤਰ ਸਥਾਨਿਕ ਸਰਕਾਰ ਸ੍ਰੀ ਵਿਕਾਸ ਪ੍ਰਤਾਪ, ਸੀ.ਈ.ਓ. ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਸ੍ਰੀ ਡੀ.ਕੇ. ਤਿਵਾੜੀ, ਸਕੱਤਰ ਸਿੰਚਾਈ ਸ੍ਰੀ ਕੇ.ਐਸ. ਪਨੂੰ, ਚੇਅਰਮੈਨ ਪੀ.ਪੀ.ਸੀ.ਬੀ. ਸ੍ਰੀ ਮਨਪ੍ਰੀਤ ਸਿੰਘ ਛਤਵਾਲ, ਮੈਂਬਰ ਸਕੱਤਰ ਪੀ.ਪੀ.ਸੀ.ਬੀ ਡਾ. ਬਾਬੂ ਰਾਮ, ਚੇਅਰਮੈਨ ਪੀ.ਐਸ.ਪੀ.ਸੀ.ਐਲ. ੍ਰਸੀ ਕੇ.ਡੀ. ਚੌਧਰੀ, ਚੀਫ ਕੰਜ਼ਰਵੇਟਰ ਆਫ ਫੌਰੇਸਟਸ਼ ਡਾ. ਬਲਵਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਡੀ.ਐਸ. ਮਾਂਗਟ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਨੰਦਿਤਾ ਮਿਤਰਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਸੀ੍ਰ ਕਮਲ ਕਿਸ਼ੋਰ ਯਾਦਵ ਸ਼ਾਮਲ ਸਨ।

LEAVE A REPLY