4ਚੰਡੀਗੜ੍ਹ  : ਡੇਅਰੀ ਕਿਸਾਨਾਂ ਅਤੇ ਫਲ ਤੇ ਸਬਜ਼ੀ ਉਤਪਾਦਕਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਦੇਸੀ ਗਾਵਾਂ ਅਤੇ ਸਬਜ਼ੀਆਂ ਤੇ ਫਲਾਂ ਦੇ ਅਤਿ ਆਧੁਨਿਕ ਕਲੱਸਟਰ ਮੌਜੂਦਾ ਵਾਤਾਵਰਨ ਅਨੁਕੂਲ ਬਣਾਉਣ ਲਈ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਬਾਗਬਾਨੀ ਵਿਭਾਗ ਨੂੰ ਆਖਿਆ ਹੈ।
ਇਹ ਫੈਸਲਾ ਸ. ਬਾਦਲ ਨੇ ਬੀਤੀ ਸ਼ਾਮ ਆਪਣੇ ਨਿਵਾਸ ਸਥਾਨ ‘ਤੇ ਖੇਤੀਬਾੜੀ ਬਾਰੇ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦਾ ਜਾਇਜ਼ਾ ਲੈਣ ਮੌਕੇ ਲਿਆ। ਉਨ੍ਹਾਂ ਨੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੂੰ ਗਾਵਾਂ ਦੀਆਂ ਸਾਹੀਵਾਲ, ਰਾਠੀ, ਥਾਰਪਰਕਰ ਅਤੇ ਰੈੱਡ ਸਿੰਧੀ ਵਰਗੀਆਂ ਦੇਸੀ ਨਸਲਾਂ ਨੂੰ ਵਿਕਸਤ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਕਰਨ ਲਈ ਆਖਿਆ ਹੈ। ਸ. ਬਾਦਲ ਨੇ ਇਨ੍ਹਾਂ ਵਿਭਾਗਾਂ ਨੂੰ ਸਹਿਕਾਰੀ ਦੁੱਧ ਸਭਾਵਾਂ ਰਾਹੀਂ ਦੇਸੀ ਗਾਵਾਂ ਦੇ ਕਲੱਸਟਰ ਸਥਾਪਤ ਲਈ ਠੋਸ ਯਤਨ ਕਰਨ ਅਤੇ ਇਸ ਸਬੰਧ ਵਿੱਚ ਇਕ ਪਾਇਲਟ ਪ੍ਰਾਜੈਕਟ ਛੇਤੀ ਹੀ ਅਬੋਹਰ ਤੇ ਫਾਜ਼ਿਲਕਾ ਤੋਂ ਸ਼ੁਰੂ ਹੋਵੇਗਾ ਅਤੇ ਇਨ੍ਹਾਂ ਦੀ ਸਫਲਤਾ ਤੋਂ ਬਾਅਦ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਪਹਿਲਕਦਮੀ ਨਾਲ ਡੇਅਰੀ ਕਿਸਾਨਾਂ ਨੂੰ ਨਾ ਸਿਰਫ ਸਹਿਕਾਰੀ ਸੈਕਟਰ ਵੱਲੋਂ ਦੁੱਧ ਦਾ ਵਾਜਬ ਮੰਡੀਕਰਨ ਢਾਂਚਾ ਮੁਹੱਈਆ ਹੋਵੇਗਾ ਸਗੋਂ ਪਸ਼ੂ ਪਾਲਣ ਵਿਭਾਗ ਇਨ੍ਹਾਂ ਕਿਸਾਨਾਂ ਨੂੰ ਦੇਸੀ ਨਸਲਾਂ ਦਾ ਮਿਆਰੀ ਸੀਮਨ ਵੀ ਮੁਹੱਈਆ ਕਰਵਾਏਗਾ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਹ ਕਦਮ ਮੁਢਲੇ ਤੌਰ ‘ਤੇ ਦੇਸੀ ਗਾਵਾਂ ਦੀਆਂ ਨਸਲਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ ਜੋ ਕਿ ਮਿਆਰੀ ਦੁੱਧ ਪੈਦਾ ਕਰਨ ਦੇ ਨਾਲ-ਨਾਲ ਸੂਬੇ ਦੀਆਂ ਵਾਤਾਵਰਨ ਹਾਲਤਾਂ ਲਈ ਢੁਕਵੀਂਆਂ ਹਨ। ਇਸ ਤੋਂ ਇਲਾਵਾ ਇਹ ਨਸਲਾਂ ਵਿਦੇਸ਼ੀ ਨਸਲਾਂ ਦੇ ਮੁਕਾਬਲੇ ਵੱਧ ਦੁਧਾਰੂ ਹਨ ਅਤੇ ਵਿਦੇਸ਼ੀ ਨਸਲਾਂ ਦੇ ਮੁਕਾਬਲੇ ਇਨ੍ਹਾਂ ਗਾਵਾਂ ਦੀ ਪਾਚਣ ਪ੍ਰਣਾਲੀ ਵਧੀਆ ਹੋਣ ਕਰਕੇ ਦੁੱਧ ਵੀ ਪੌਸ਼ਟਿਕ ਹੁੰਦਾ ਹੈ। ਦੇਸੀ ਗਾਵਾਂ ਦੇ ਦੁੱਧ ਦਾ ਭਾਅ ਵੀ ਵੱਧ ਹੈ। ਦੇਸੀ ਗਾਵਾਂ ਦੇ ਦੁੱਧ ਉਤਪਾਦਕ ਪਹਿਲਾਂ ਹੀ ਇਹ ਦੁੱਧ 60-65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ ਅਤੇ ਦੇਸੀ ਘਿਉ ਵੀ ਤਕਰੀਬਨ 700-750 ਰੁਪਏ ਪ੍ਰਤੀ ਕਿਲੋ ਹੈ। ਦੇਸੀ ਗਾਵਾਂ ਦਾ ਦੁੱਧ ਤੇ ਘਿਉ ਨੂੰ ਸੂਬੇ ਦੀ ਪ੍ਰਮੁੱਖ ਦੁੱਧ ਮਾਰਕੀਟਿੰਗ ਏਜੰਸੀ ‘ਵੇਰਕਾ’ ਵੱਲੋਂ ਛੇਤੀ ਹੀ ਬਾਜ਼ਾਰ ਵਿੱਚ ਲਿਆਂਦਾ ਜਾਵੇਗਾ। ਇਸ ਪਹਿਲਕਦਮੀ ਨਾਲ ਖਪਤਕਾਰ ਮਿਆਰੀ ਦੁੱਧ ਪ੍ਰਾਪਤ ਕਰ ਸਕਣਗੇ ਅਤੇ ਉਤਪਾਦਕਾਂ ਨੂੰ ਉਨ੍ਹਾਂ ਦੇ ਦੁੱਧ ਦਾ ਵਧੀਆ ਮੁੱਲ ਮਿਲ ਸਕੇਗਾ।
ਮੁੱਖ ਮੰਤਰੀ ਨੇ ਇੱਛਾ ਪ੍ਰਗਟ ਕੀਤੀ ਕਿ ਇਨ੍ਹਾਂ ਡੇਅਰੀ ਕਿਸਾਨਾਂ ਨੂੰ ਦੁੱਧ ਦਾ ਉਚ ਮੁੱਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇਹ ਹੋਰ ਉਤਸ਼ਾਹ ਨਾਲ ਦੇਸੀ ਨਸਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਹੋਣ ਜਿਸ ਨਾਲ ਡੇਅਰੀ ਸੈਕਟਰ ਦਾ ਵਿਕਾਸ ਤੇਜ਼ੀ ਨਾਲ ਯਕੀਨੀ ਬਣਾਉਣ ਤੋਂ ਇਲਾਵਾ ਰਵਾਇਤੀ ਖੇਤੀ ਲਈ ਇਕ ਬਦਲ ਮੁਹੱਈਆ ਕਰਵਾਇਆ ਜਾ ਸਕੇ।
ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲਿਅ੍ਹਾਂ ਵਿੱਚ ਸਬਜ਼ੀ ਤੇ ਫਲ ਕਲੱਸਟਰ ਸਥਾਪਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਸਬਜ਼ੀਆਂ ਦੀ ‘ਗਰੀਨ ਹਾਊਸ’ ਪੈਦਾਵਾਰ ਦੀ ਧਾਰਨਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਖਪਤਕਾਰਾਂ ਨੂੰ ਮੁਕਾਬਲੇ ਵਾਲੀ ਕੀਮਤ ‘ਤੇ ਸਬਜ਼ੀਆਂ ਦੀ ਥੋਕ ਵਿਕਰੀ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਸਬਜ਼ੀ ਉਤਪਾਦਕਾਂ ਦੀ ਵਿਕਰੀ ਸਮਰਥਾ ਵਿੱਚ ਵਾਧਾ ਕਰੇਗਾ ਅਤੇ ਉਹ ਆਪਣੇ ਉਤਪਾਦ ਦਾ ਵੱਧ ਮੁੱਲ ਹਾਸਲ ਕਰ ਸਕਣਗੇ।
ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬੇ ਦੇ ਬਾਗਬਾਨੀ ਵਿਭਾਗ ਨੇ ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਨਾਲ ਪਹਿਲਾਂ ਹੀ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ ਜਿਸ ਅਨੁਸਾਰ ਸਬਜ਼ੀਆਂ ਦੇ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਉਤਪਾਦ ਬਰਾਮਦ ਕਰਨ ਦੀ ਸੁਵਿਧਾ ਤੋਂ ਇਲਾਵਾ ਉਨ੍ਹਾਂ ਦੀ ਯਕੀਨਨ ਦੂਰਵਰਤੀ ਘਰੇਲੂ ਮੰਡੀਕਰਨ ਤੱਕ ਪਹੁੰਚ ਨੂੰ ਨਿਸ਼ਚਤ ਕਰਨਾ ਹੈ।
ਇਸੇ ਦੌਰਾਨ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਨੇ ਇਸ ਮਕਸਦ ਲਈ ਬਾਗਬਾਨੀ ਵਿਭਾਗ ਲਈ ਸਮਰਪਿਤ ਸਟਾਫ ਨੂੰ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਿਆਰੀ ਉਤਪਾਦ ਯਕੀਨੀ ਬਣਾਉਣ ਲਈ ਇਸ ਖੇਤਰ ਦੇ ਉੱਘੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀ ਵਕਾਲਤ ਕੀਤੀ ਜਿਨ੍ਹਾਂ ਨੇ ਫਲ ਤੇ ਸਬਜ਼ੀਆਂ ਦੇ ਖੇਤਰ ਵਿੱਚ ਆਪਣੇ ਤਜਰਬੇ ਤੇ ਮੁਹਾਰਤ ਨੂੰ ਸਿੱਧ ਕੀਤਾ ਹੈ।
ਮੁੱਖ ਮੰਤਰੀ ਨੇ ਫਲ ਤੇ ਸਬਜ਼ੀਆਂ ਅਤੇ ਹੋਰਨਾਂ ਫਸਲਾਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਵਾਸਤੇ ਸੌਰ ਊਰਜਾ ਦਾ ਸਹਾਰਾ ਲੈਣ ਦੀ ਲੋੜ ‘ਤੇ ਜ਼ੋਰ ਦਿੱਤਾ। ਮਟਰਾਂ ਦੀ ਕਾਸ਼ਤ ਦੇ ਹੇਠ ਤੇਜ਼ੀ ਨਾਲ ਵਧ ਰਹੇ ਰਕਬੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਫਸਲ ਦੀ ਚੁਕਾਈ ਤੋਂ ਪਹਿਲਾਂ ਤੋਂ ਬਾਅਦ ਲਈ ਇਕ ਰੂਪ-ਰੇਖਾ ਤਿਆਰ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਡਾਇਰੈਕਟਰ ਬਾਗਬਾਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਟਰਾਂ ਦੀ ਤੁੜਵਾਈ ਲਈ ਉਚ ਤਕਨੀਕੀ ਵਾਲੇ ਸੰਦ ਹਾਲੈਂਡ ਤੋਂ ਦਰਾਮਦ ਕੀਤੇ ਗਏ ਹਨ। ਇਹ ਸਹਲੂਤ ਸੂਬਾ ਭਰ ਦੇ ਮਟਰਾਂ ਉਤਪਾਦਕਾਂ ਨੂੰ ਪੰਜਾਬ ਐਗਰੋ ਵੱਲੋਂ ਕਿਰਾਏ ਦੇ ਆਧਾਰ ‘ਤੇ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਵੇਰਕਾ (ਅੰਮ੍ਰਿਤਸਰ) ਵਿਖੇ 14 ਕਨਾਲ ਜ਼ਮੀਨ ਬਾਗਬਾਨੀ ਵਿਭਾਗ ਨੂੰ  ਨਾਸ਼ਪਾਤੀ ਅਸਟੇਟ ਸਥਾਪਤ ਕਰਨ ਲਈ ਅਲਾਟ ਕਰਨ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਅਬੋਹਰ ਤੇ ਹੁਸ਼ਿਆਰਪੁਰ, ਸੁਜਾਨਪੁਰ (ਪਠਾਨਕੋਟ) ਅਤੇ ਪਟਿਆਲਾ ਵਿਖੇ ਕ੍ਰਮਵਾਰ ਕਿਨੂੰ, ਲੀਚੀ, ਅਤੇ ਅਮਰੂਦ ਅਸਟੇਟਾਂ ਦੀ ਤਰਜ਼ ‘ਤੇ ਸਥਾਪਤ ਕੀਤੀ ਜਾਵੇਗੀ।
ਵਿਚਾਰ-ਚਰਚਾ ਦੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਬਾਗਬਾਨੀ ਵਿਭਾਗ ਨੇ ਪਹਿਲਾਂ ਹੀ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਵਿਖੇ ਫੁੱਲਾਂ ਦੀ ਕਾਸ਼ਤ ਬਾਰੇ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਲਈ ਭਾਰਤ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਜਿਸ ਦਾ ਉਦੇਸ਼ ਕਿਸਾਨਾਂ ਨੂੰ ਫੁੱਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨਾ ਹੈ। ਇਸ ਪ੍ਰਸਤਾਵ ਨੂੰ ਛੇਤੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਸਬਜ਼ੀਆਂ ਦਾ ਇਕ ਹੋਰ ਸੈਂਟਰ ਆਫ ਐਕਸੀਲੈਂਸ ਮੋਗਾ ਜ਼ਿਲ੍ਹੇ ਦੇ ਬੀੜ ਚੜਿੱਕ ਵਿਖੇ ਕਰਤਾਰਪੁਰ ਸੈਂਟਰ ਦੀ ਤਰਜ਼ ‘ਤੇ ਸਥਾਪਤ ਕੀਤਾ ਜਾਵੇਗਾ। ਸਟਰਾਅਬੇਰੀ ਦੀ ਖੇਤੀ ਵੀ ਇਕ ਹੋਰ ਲਾਹੇਵੰਦ ਕਿੱਤਾ ਹੈ ਜੋ ਲਗਾਤਾਰ ਪ੍ਰਫੁੱਲਤ ਹੋ ਰਿਹਾ ਹੈ। ਭਾਰਤ ਸਰਕਾਰ ਨੇ ਇਕ ਟਿਸ਼ੂ ਕਲਚਰ ਲੈਬਾਰਟਰੀ ਦੀ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਕੌਮੀ ਬਾਗਬਾਨੀ ਮਿਸ਼ਨ ਹੇਠ ਜਲੰਧਰ ਜ਼ਿਲ੍ਹੇ ਦੇ ਪਿੰਡ ਧੋਗੜੀ ਵਿਖੇ ਸਥਾਪਤ ਕੀਤੀ ਜਾ ਰਹੀ ਹੈ। ਸੂਬੇ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਸ਼ਹਿਦ ਦੀਆਂ ਮੱਖੀਆਂ ਲਈ ਰਾਜਸਥਾਨ ਫੀਡਰ ਨਹਿਰ ਦੇ ਨਾਲ ਲਗਪਗ 100 ਕਿਲੋਮੀਟਰ ਲਾਂਘੇ ਉਪਰ ਜੰਗਲਾਤ ਦੀ ਜ਼ਮੀਨ ‘ਤੇ ਵੇਲ-ਬੂਟੇ ਲਾਏ ਜਾ ਰਹੇ ਹਨ।
ਸ. ਬਾਦਲ ਨੇ ਵਧੀਕ ਮੁੱਖ ਸਕੱਤਰ ਵਿਕਾਸ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਐਗਰੋ ਜੂਸ ਲਿਮਟਡ ਨਾਲ ਤਾਲਮੇਲ ਕਰਕੇ ਅਬੋਹਰ ਤੇ ਹੁਸ਼ਿਆਪੁਰ ਦੇ ਜੂਸ ਪਲਾਂਟ 20 ਜਨਵਰੀ, 2016 ਤੋਂ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਤਾਂ ਜੋ ਕਿਨੂੰ ਦੇ ਉਤਪਾਦਕਾਂ ਨੂੰ ਚੰਗਾ ਮਿਲ ਸਕੇ।
ਇਸ ਮੌਕੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਲ. ਕਾਲਕਟ, ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਮਨਦੀਪ ਸਿੰਘ ਸੰਧੂ, ਸਲਾਹਕਾਰ ਪਸ਼ੂ ਪਾਲਣ ਡਾ. ਬੀ.ਕੇ. ਉੱਪਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਡਾ. ਇੰਦਰਜੀਤ ਸਿੰਘ, ਡਾਇਰੈਕਟਰ ਬਾਗਬਾਨੀ ਡਾ. ਗੁਰਕੰਵਲ ਸਿੰਘ ਅਤੇ ਪੰਜਾਬ ਟਰੈਕਟਰ ਲਿਮਟਡ ਦੇ ਸਾਬਕਾ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰ ਅਤੇ ਉੱਘੇ ਖੇਤੀ ਤਕਨੀਕੀ ਮਾਹਿਰ ਸ੍ਰੀ ਚੰਦਰ ਮੋਹਨ ਹਾਜ਼ਰ ਸਨ।

LEAVE A REPLY