ਲੰਡਨ – ਵਰਲਡ ਕੱਪ ‘ਚ ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਆਪਣੀ ਜਿੱਤ ਦੀ ਖ਼ਾਤਾ ਖੋਲ੍ਹ ਲਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਵੈੱਸਟਇੰਡੀਜ਼ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਇਸ ਜਿੱਤ ਦੀ ਕਾਫ਼ੀ ਚਰਚਾ ਹੋ ਰਹੀ ਹੈ। ਭਾਰਤ ਦੇ ਵੀ ਕਈ ਖਿਡਾਰੀਆਂ ਨੇ ਇਸ ਜਿੱਤ ‘ਤੇ ਪਾਕਿਸਤਾਨ ਦੀ ਸ਼ਲਾਘਾ ਕੀਤੀ ਹੈ। ਅਜਿਹੇ ‘ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਪਾਕਿਸਤਾਨੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ, ਪਰ ਉਸ ਦੇ ਵਧਾਈ ਦੇਣ ਤੋਂ ਬਾਅਦ ਯੂਜ਼ਰਜ਼ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਸਾਨੀਆ ਨੇ ਆਪਣੇ ਟਵੀਟ ‘ਚ ਲਿਖਿਆ, ”ਪਾਕਿਸਤਾਨ ਕ੍ਰਿਕਟ ਟੀਮ ਨੂੰ ਜਿੱਤ ਨਾਲ ਜ਼ੋਰਦਾਰ ਵਾਪਸੀ ਲਈ ਵਧਾਈ। ਹਮੇਸ਼ਾ ਦੀ ਤਰ੍ਹਾਂ ਇਸ ਦੀ ਉਮੀਦ ਨਹੀਂ ਸੀ! ! ਕ੍ਰਿਕਟ ਵਰਲਡ ਕੱਪ ਦਿਲਚਸਪ ਹੁੰਦਾ ਜਾ ਰਿਹਾ ਹੈ।” ਉਸ ਦੇ ਇਸ ਟਵੀਟ ਨੂੰ ਲੈ ਕੇ ਯੂਜ਼ਰਸ ਦੀ ਰਾਏ ਰਲੀ-ਮਿਲੀ ਆ ਰਹੀ ਹੈ। ਕੁੱਝ ਲੋਕ ਉਸ ਤੋਂ ਭਾਰਤ-ਪਾਕਿ ਮੈਚ ‘ਚ ਕਿਸ ਟੀਮ ਨੂੰ ਸੁਪੋਰਟ ਕਰਨ ਬਾਰੇ ਪੁੱਛ ਰਹੇ ਹਨ ਤਾਂ ਕੁੱਝ ਲੋਕ ਪਾਕਿਸਤਾਨ ਨੂੰ ਵਧਾਈ ਦੇਣ ‘ਤੇ ਉਸ ਦੀ ਆਲੋਚਨਾ ਕਰ ਰਹੇ ਹਨ ਜਦਕਿ ਕੁੱਝ ਸ਼ਲਾਘਾ ਵੀ ਕਰ ਰਹੇ ਹਨ।