ਡਾ. ਗੁਰੂਮੇਲ ਸਿੱਧੂ
ਜਪਾਨ ਦੇ ਵਿਗਿਆਨੀਆਂ ਨੇ ਏਡਜ਼ ‘(AIDS – ਐਕੁਆਇਰਡ ਇਮਿਊਨੋ-ਡੈਫ਼ੀਸ਼ੀਐਂਸੀ ਸਿੰਡਰਮ) ਕਰਨ ਵਾਲੀ ਵਾਇਰਸ HIV ਦੇ ਜੀਨਜ਼ ਨੂੰ ਸਦਾ ਲਈ ਨਕਾਰਾ ਕਰਨ ਦਾ ਰਾਹ ਲੱਭ ਲਿਆ ਹੈ। ਇਸ ਨਵੀਂ ਤਕਨੀਕ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਏਡਜ਼ ਕੀ ਹੈ ਅਤੇ ਇਹ ਬੰਦੇ ਨੂੰ ਹੁੰਦੀ ਕਿਸ ਤਰ੍ਹਾਂ ਹੈ।
ਏਡਜ਼ ਹੋਣ ਦੇ ਕਾਰਨ: ਏਡਜ਼ ਇੱਕ ਵਾਇਰਸ ਰਾਹੀਂ ਹੁੰਦੀ ਹੈ ਜਿਸ ਨੂੰ HIV (ਹਿਊਮਨ ਇਮਿਊਨੋ-ਡੈਫ਼ੀਸ਼ੀਐਂਸੀ ਵਾਇਰਸ) ਕਹਿੰਦੇ ਹਨ। ਇਹ ਬਿਮਾਰੀ ਪਿੱਤਰੀ ਵਿਰਸੇ ‘ਚੋਂ ਨਹੀਂ ਮਿਲਦੀ, ਅਰਥਾਤ ਪੀੜ੍ਹੀ-ਦਰ-ਪੀੜ੍ਹੀ ਨਹੀਂ ਚੱਲਦੀ ਸਗੋਂ ਇਹ ਬੰਦੇ ਦੀਆਂ ਆਪਣੀਆਂ ਕਰਤੂਤਾਂ ਕਾਰਨ ਹੁੰਦੀ ਹੈ। ਕਰਤੂਤਾਂ ਵਿੱਚ ਮੁੱਖ ਕਾਰਨ ਏਡਜ਼ ਦੇ ਮਰੀਜ਼ਾਂ ਨਾਲ ਸੰਭੋਗ ਹੈ। ਮੂਲ ਰੂਪ ਵਿੱਚ ਏਡਜ਼ ਦੇ ਮਰੀਜ਼ਾਂ ਦੇ ਤਰਲ ਪਦਾਰਥ ਦਾ ਸ਼ਰੀਰ ਦੇ ਅੰਦਰ ਜਾਣਾ ਹੈ। ਤਰਲ ਪਦਾਰਥਾਂ ਵਿੱਚ ਵੀਰਜ, ਗੁਦਾ ਅਤੇ ਭਗ ਰਸਾਅ, ਛਾਤੀ ਦਾ ਦੁੱਧ, ਆਦਿ ਸ਼ਾਮਿਲ ਹਨ। ਇਹ ਰਸਾਅ ਬੰਦੇ ਦੇ ਅੰਦਰ ਲਹੂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਕਾਰਨ ਇਹ ਹੈ ਕਿ ਭਗ, ਗੁਦਾ ਅਤੇ ਮੂੰਹ ਦੀਆਂ ਝਿੱਲੀਆਂ ਨਰਮ ਹੁੰਦੀਆ ਹਨ ਜੋ ਛੇਤੀ ਝਰੀਟੀਆਂ ਜਾਂਦੀਆਂ ਹਨ। ਕੁੱਝ ਹੋਰ ਕਾਰਨ ਵੀ ਹਨ ਜਿਵੇਂ ਏਡਜ਼ ਵਾਲੇ ਬੰਦੇ ਦਾ ਲਹੂ ਤੰਦਰੁਸਤ ਬੰਦੇ ਵਿੱਚ ਚਾੜ੍ਹਨਾ, ਨਸ਼ੇ-ਪੱਤੇ ਵਾਲੀਆਂ ਸੂਈਆਂ ਵਰਤਣਾ ਅਤੇ ਦੰਦੀ ਵੱਢਣਾ ਆਦਿ। ਏਡਜ਼ ਵਾਲੇ ਬੰਦੇ ਦੇ ਥੁੱਕ, ਮੁੜ੍ਹਕੇ, ਅੱਥਰੂ ਅਤੇ ਸੀਂਢ ਵਗੈਰਾ ਵਿੱਚ ਵੀ ਏਡਜ਼ ਦੇ ਕਣ ਹੁੰਦੇ ਹਨ, ਪਰ ਇਨ੍ਹਾਂ ਦਾ ਤੰਦਰੁਸਤ ਬੰਦੇ ਦੇ ਸ਼ਰੀਰ ‘ਤੇ ਪੈਣ/ਲੱਗਣ ਨਾਲ ਏਡਜ਼ ਨਹੀਂ ਹੁੰਦੀ। ਜਿਵੇਂ ਉੱਪਰ ਲਿਖਿਆ ਹੈ, ਤਰਲ ਪਦਾਰਥਾਂ ਦਾ ਬੰਦੇ ਦੇ ਲਹੂ ਵਿੱਚ ਜਾਣ ਨਾਲ ਇਹ ਬਿਮਾਰੀ ਹੁੰਦੀ ਹੈ।
ਏਡਜ਼ ਮਰੀਜ਼ ਨੂੰ ਕਿਵੇਂ ਮਾਰਦੀ ਹੈ: ਸ਼ਰੀਰ ਦੇ ਲਹੂ ਵਿੱਚ ਮੁੱਖ ਤੌਰ ‘ਤੇ ਦੋ ਕਿਸਮ ਦੇ ਕੋਸ਼ ਹਨ: ਲਾਲ ਅਤੇ ਚਿੱਟੇ। ਲਾਲ ਕੋਸ਼ ਸ਼ਰੀਰ ਵਿੱਚ ਔਕਸੀਜਨ ਅਤੇ ਤਾਕਤ ਪਹੁੰਚਾਉਂਦੇ ਹਨ ਅਤੇ ਚਿੱਟੇ ਕੋਸ਼ ਰੋਗਾਂ ਤੋਂ ਬਚਾਉਂਦੇ ਹਨ। ਰੋਗ ਦੋ ਕਿਸਮ ਦੇ ਹਨ: ਜਮਾਂਦਰੂ ਅਤੇ ਛੂਤ-ਛਾਤ ਦੇ ਕਟਾਣੂਆਂ ਕਾਰਨ ਲੱਗਣ ਵਾਲੇ। ਏਡਜ਼ ਵਾਇਰਸ ਛੂਤ-ਛਾਤ ਦੀਆਂ ਬਿਮਾਰੀਆਂ ਵਿੱਚ ਗਿਣੀ ਜਾਂਦੀ ਹੈ। ਇਹ ਚਿੱਟੇ ਕੋਸ਼ਾਂ ਅੰਦਰ ਦਾਖ਼ਲ ਹੋ ਕੇ ਆਪਣੇ ਜੀਨਜ਼ ਰਾਹੀਂ ਸ਼ਰੀਰ ਦੇ ਰੋਗ-ਸੁਰੱਖਿਆ ਪ੍ਰਬੰਧ ‘ਤੇ ਕਾਬੂ ਪਾ ਲੈਂਦੀ ਹੈ, ਅਰਥਾਤ ਚਿੱਟੇ ਕੋਸ਼ਾਂ ਨੂੰ ਦਾਗ਼ੀ ਕਰਦੀ ਹੈ। ਚਿੱਟੇ ਕੋਸ਼ਾਂ ਅੰਦਰ ਹੋਰ ਕਾਪੀਆਂ ਬਣਾਉਂਦੀ ਹੈ। ਜਦ ਚਿੱਟੇ ਕੋਸ਼ ਵਾਇਰਸ ਦੀਆਂ ਕਾਪੀਆਂ ਨਾਲ ਤੂੜੇ ਜਾਂਦੇ ਹਨ ਤਾਂ ਫ਼ਟ ਜਾਂਦੇ ਹਨ। ਫ਼ਟਣ ਮਗਰੋਂ ਵਾਇਰਸ ਦੇ ਕਣ ਨਿਰੋਗ ਚਿੱਟੇ ਕੋਸ਼ਾਂ ਅੰਦਰ ਦਾਖ਼ਲ ਹੋ ਜਾਂਦੇ ਹਨ। ਇਉਂ ਚੱਕਰ ਚੱਲਦਾ ਰਹਿੰਦਾ ਜਿਸ ਕਰ ਕੇ ਸ਼ਰੀਰ ਵਿੱਚ ਚਿੱਟੇ ਕੋਸ਼ਾਂ ਦੀ ਗਿਣਤੀ ਘੱਟ ਜਾਂਦੀ ਹੈ।
ਸਿਹਤਮੰਦ ਬੰਦੇ ਵਿੱਚ ਚਿੱਟੇ ਕੋਸ਼ਾਂ ਦੀ ਗਿਣਤੀ 500-1,500 ਵਿਚਕਾਰ ਹੁੰਦੀ ਹੈ, ਪਰ ਏਡਜ਼ ਦੇ ਮਰੀਜ਼ਾਂ ਵਿੱਚ ਇਹ ਘੱਟ ਕੇ 200 ਤੋਂ ਹੇਠਾਂ ਰਹਿ ਜਾਂਦੀ ਹੈ ਫ਼ਲਸਰੂਪ ਸ਼ਰੀਰ ਵਿੱਚ ਛੂਤ-ਛਾਤ ਦੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਕਿਟਾਣੂਆਂ ਨੂੰ ਰੋਕਣ ਦੀ ਸ਼ਕਤੀ ਨਹੀਂ ਰਹਿੰਦੀ। ਹਰ ਕਿਸਮ ਦੇ ਬਿਮਾਰੀ ਪੈਦਾ ਕਰਨ ਵਾਲੇ ਕਿਟਾਣੂ (ਬੈਕਟੇਰੀਆ, ਉੱਲੀ ਅਤੇ ਵਾਇਰਸ ਆਦਿ) ਸ਼ਰੀਰ ਨੂੰ ਆ ਚਿੰਬੜਦੇ ਹਨ। ਸ਼ਰੀਰ ਇੱਕ ਤਰ੍ਹਾਂ ਨਾਲ ਬਿਮਾਰੀਆਂ ਦਾ ਕਬਰਸਤਾਨ ਬਣ ਜਾਂਦਾ ਹੈ। ਅਜਿਹੀ ਹਾਲਤ ਕਰ ਕੇ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਏਡਜ਼ ਹੋ ਗਈ ਹੈ। HIV ਬਜਾਤੇ ਖ਼ੁਦ ਇਨਸਾਨ ਨੂੰ ਨਹੀਂ ਮਾਰਦੀ, ਇਹ ਹੋਰ ਬਿਮਾਰੀਆਂ ਪੈਦਾ ਕਰਨ ਦਾ ਸਾਧਨ ਬਣਦੀ ਹੈ ਜਿਨ੍ਹਾਂ ਕਰ ਕੇ ਬੰਦਾ ਮੌਤ ਦੇ ਦਰ ‘ਤੇ ਢੁੱਕ ਜਾਂਦਾ ਹੈ।
ਏਡਜ਼ ਦਾ ਕੱਚਾ ਇਲਾਜ: ਸ਼ੁਰੂ ਸ਼ੁਰੂ ਵਿੱਚ ਏਡਜ਼ ਦਾ ਕੋਈ ਇਲਾਜ ਨਹੀਂ ਸੀ, ਅਤੇ ਇਸ ਨਾਲ ਗ੍ਰੱਸੇ ਮਰੀਜ਼ ਅਕਸਰ ਮਰ ਜਾਂਦੇ ਸਨ। ਸਮੇਂ ਨਾਲ ਕੁੱਝ ਦਵਾਈਆਂ ਹੋਂਦ ਵਿੱਚ ਆਈਆਂ ਜਿਨ੍ਹਾਂ ਰਾਹੀਂ ਏਡਜ਼ ‘ਤੇ ਕਾਬੂ ਤਾਂ ਨਹੀਂ ਪਿਆ, ਪਰ ਬੰਦੇ ਮਰਨ ਤੋਂ ਬਚਣ ਲੱਗੇ। ਇਹ ਦਵਾਈਆਂ ਤਿੰਨ ਪੱਧਰਾਂ ‘ਤੇ ਕੰਮ ਕਰਦੀਆਂ ਹਨ। ਪਹਿਲਾ, ਇਹ HIV ਨੂੰ ਚਿੱਟੇ ਕੋਸ਼ ਅੰਦਰ ਦਾਖ਼ਲ ਹੋਣ ਤੋਂ ਰੋਕਦੀਆਂ ਹਨ। ਦੂਜਾ, ਵਾਇਰਸ ਦੇ ਚਿੱਟੇ ਕੋਸ਼ਾਂ ਦੇ DNA ਵਿੱਚ ਘੁੱਸਣ ‘ਤੇ ਕਾਬੂ ਪਾਉਂਦੀਆਂ ਹਨ। ਤੀਜਾ, ਚਿੱਟੇ ਕੋਸ਼ਾਂ ਅੰਦਰ ਹੋਰ ਕਾਪੀਆਂ ਬਣਾਉਣ ‘ਤੇ ਰੋਕ ਲਾਉਂਦੀਆਂ ਹਨ। ਆਮ ਭਾਸ਼ਾ ਵਿੱਚ ਇਨਾਂ ਦਵਾਈਆਂ ਦੇ ਸਮੂਹ ਨੂੰ ਏਡਜ਼-ਕੌਕਟੇਲ ਕਿਹਾ ਜਾਂਦਾ ਹੈ। ਇਨ੍ਹਾਂ ਦਵਾਈਆਂ ਨੂੰ ਵਰਤਣ ਨਾਲ ਏਡਜ਼ ਵਾਇਰਸ ਨਸ਼ਟ ਨਹੀਂ ਹੁੰਦੀ, ਚਿੱਟੇ ਕੋਸ਼ਾਂ ਵਿੱਚ ਲੁਕੀ ਰਹਿੰਦੀ ਹੈ। ਜਦ ਚਿੱਟੇ ਕੋਸ਼ ਮਰਦੇ ਹਨ ਤਾਂ ਨਵੇਂ ਕੋਸ਼ਾਂ ਵਿੱਚ ਦਾਖ਼ਲ ਹੋ ਜਾਂਦੀ ਹੈ।
ਏਡਜ਼ ਦਾ ਪੱਕਾ ਇਲਾਜ: ਹੁਣ ਸਵਾਲ ਇਹ ਹੈ ਕਿ ਜੇ HIV ਦੇ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਨੂੰ ਨਫ਼ਿੱਟ ਕਰ ਦਿੱਤਾ ਜਾਵੇ ਤਾਂ ਏਡਜ਼ ਦਾ ਪੱਕਾ ਇਲਾਜ ਸੰਭਵ ਹੈ। ਹੁਣ ਜਪਾਨ ਦੇ ਸਾਇੰਸਦਾਨਾਂ ਨੇ ਕੁੱਝ ਅਜਿਹਾ ਹੀ ਕਰ ਦਿਖਾਇਆ ਹੈ। ਜਪਾਨ ਦੇ ਵਿਗਿਆਨੀ ਯੋਸ਼ੀਜ਼ੂਮੀ ਇਸ਼ੀਨੋ ਨੇ 1987 ਵਿੱਚ DNAਦੀ ਛੋਟੀ ਜਿਹੀ ਲੜੀ ਲੱਭੀ ਸੀ ਜਿਸ ਨੂੰ ਕ੍ਰਿਸਪਰ ਦਾ ਨਾਂ ਦਿੱਤਾ ਗਿਆ ਸੀ। ਇਹ ਨਾਂ ਦੇਣ ਪਿੱਛੇ ਬਹੁਤ ਸਾਰੀ ਗੁੰਝਲਦਾਰ ਜਨੈਟਿਕ ਤਕਨੋਲੋਜੀ ਹੈ। ਕ੍ਰਿਸਪਰ ਛੋਟੇ-ਮੋਟੇ ਕਿਟਾਣੂਆਂ ਵਿੱਚ ਕੁਦਰਤੀ ਹੁੰਦੀ ਹੈ ਜੋ ਜੀਵਾਂ ਦੀਆਂ ਬਿਮਾਰੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ।
ਹੁਣ ਅਗਲਾ ਸਵਾਲ ਹੈ ਕਿ ਕ੍ਰਿਸਪਰ ਬਿਮਾਰੀਆਂ ਨੂੰ ਕਿਵੇਂ ਰੋਕਦੀ ਹੈ? ਇਹ ਇੱਕ ਪ੍ਰਕਾਰ ਦੀ ਕੈਂਚੀ ਜਾਂ ਫ਼ਾਨਾ ਹੈ ਜੋ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਨੂੰ ਕੱਟ-ਵੱਡ ਕੇ ਟੁਕੜੇ ਕਰ ਦਿੰਦੀ ਹੈ, ਜਾਂ ਫ਼ਾਨੇ ਵਾਂਗ ਡੁਕ ਕੇ ਇਨ੍ਹਾਂ ਦੇ ਕਰਤਬ ਨੂੰ ਨਕਾਰਾ ਬਣਾ ਦਿੰਦੀ ਹੈ ਫ਼ਲਸਰੂਪ ਜੀਨਜ਼ ਕੰਮ ਕਰਨੋਂ ਹੱਟ ਜਾਂਦੇ ਹਨ। ਜੇ ਕ੍ਰਿਸਪਰ ਨੂੰ ਏਡਜ਼ ਵਾਇਰਸ ਦੇ ਬਿਮਾਰੀ ਪੈਦਾ ਕਰਨ ਵਾਲੇ ਜੀਨਜ਼ ਵਿੱਚ ਠੋਕ ਦਿੱਤਾ ਜਾਵੇ ਤਾਂ ਇਹ ਸਦਾ ਲਈ ਬਿਮਾਰੀ ਪੈਦਾ ਕਰਨ ਦੇ ਕਾਬਿਲ ਨਹੀਂ ਰਹਿਣਗੇ
ਜਪਾਨ ਦੀ ਕੋਬੇ ਯੂਨੀਵਰਸਿਟੀ ਦੇ ਵਿਗਿਆਨੀਆਂ ਮਾਸਾਨੋਰੀ ਕਮਿਓਕਾ ਅਤੇ ਸਾਥੀਆਂ ਨੇ ਕੁੱਝ ਅਜਿਹਾ ਹੀ ਕੀਤਾ ਹੈ। HIV ਵਿੱਚ ਦੋ ਜੀਨਜ਼ ਹੁੰਦੇ ਹਨ ਜਿਨ੍ਹਾਂ ਨੂੰ ਟਾਟ ਅਤੇ ਰੈਵ ਦਾ ਨਾਂ ਦਿੱਤਾ ਗਿਆ ਹੈ। ਇਹ ਜੀਨਜ਼ ਚਿੱਟੇ ਕੋਸ਼ਾਂ ਵਿੱਚ ਵਾਇਰਸ ਦੀਆਂ ਕਾਪੀਆਂ ਬਣਾਉਣ ਵਿੱਚ ਸਹਾਈ ਹੁੰਦੇ ਹਨ। ਕ੍ਰਿਸਪਰ ਨੂੰ ਇਨ੍ਹਾਂ ਜੀਨਜ਼ ਵਿੱਚ ਫ਼ਾਨੇ ਵਾਂਗ ਠੋਕ ਕੇ ਏਡਜ਼ ਦੇ ਪੱਕੇ ਇਲਾਜ ਲਈ ਰਾਹ ਖੁੱਲ੍ਹ ਗਿਆ ਹੈ। ਉਹ ਦਿਨ ਦੂਰ ਨਹੀਂ ਜਦ ਕ੍ਰਿਸਪਰ ਨੂੰ ਏਡਜ਼ ਰੋਕਣ ਦੀ ਬਿਮਾਰੀ ਦੀ ਦਵਾਈ ਵਜੋਂ ਵਰਤਿਆ ਜਾਵੇਗਾ।