ਲੰਡਨ – ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਸੱਜੇ ਪੈਰ ਦੇ ਕੋਲ ਸੱਟ ਕਾਰਨ ਦੂਜੇ ਐਸ਼ੇਜ਼ ਟੈੱਸਟ ਤੋਂ ਬਾਹਰ ਹੋ ਗਿਐ। ਇੰਗਲੈਂਡ ਦਾ ਸਭ ਤੋਂ ਸਫ਼ਲ ਟੈੱਸਟ ਗੇਂਦਬਾਜ਼ ਐਂਡਰਸਨ ਐਜਬੈਸਟਨ ਵਿੱਚ ਸੀਰੀਜ਼ ਦੇ ਪਹਿਲੇ ਮੈਚ ਵਿੱਚ ਸਿਰਫ਼ 4 ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਜ਼ਖ਼ਮੀ ਹੋ ਗਿਆ ਸੀ, ਅਤੇ ਫ਼ਿਰ ਮੈਚ ਵਿੱਚ ਦੋਬਾਰਾ ਗੇਂਦਬਾਜ਼ੀ ਨਹੀਂ ਕਰ ਸਕਿਆ। ਆਸਟਰੇਲੀਆ ਨੇ ਇਹ ਮੈਚ 251 ਦੌੜਾਂ ਨਾਲ ਜਿੱਤਿਆ। ਐਂਡਰਸਨ ਦੇ ਸਕੈਨ ਕਰਾਏ ਗਏ ਜਿਸ ਵਿੱਚ ਪੁਸ਼ਟੀ ਹੋ ਗਈ ਕਿ ਉਸ ਦੇ ਅਗਲੇ ਹਫ਼ਤੇ ਲੌਰਡਜ਼ ਵਿੱਚ ਹੋਣ ਵਾਲੇ ਦੂਜੇ ਟੈੱਸਟ ਵਿੱਚ ਖੇਡਣ ਦੀ ਸੰਭਾਵਨਾ ਨਹੀਂ।
ਬਰਮਿੰਘਮ ਵਿੱਚ ਪਹਿਲੇ ਦਿਨ ਹੀ ਜ਼ਖਮੀ ਹੋਣ ਤੋਂ ਬਾਅਦ 37 ਸਾਲਾ ਐਂਡਰਸਨ ਨੇ ਦੋਹਾਂ ਪਾਰੀਆਂ ਵਿੱਚ 11ਵੇਂ ਨੰਬਰ ‘ਤੇ ਹੀ ਬੱਲੇਬਾਜ਼ੀ ਕੀਤੀ। ਲੈਂਕਾਸ਼ਾਇਰ ਖ਼ਿਲਾਫ਼ ਇਸੇ ਪੈਰ ਦੇ ਕੋਲ ਸੱਟ ਤੋਂ ਬਾਅਦ ਐਂਡਰਸਨ ਪਹਿਲੇ ਟੈੱਸਟ ਤੋਂ ਪਹਿਲਾਂ ਲਗਭਗ ਇੱਕ ਮਹੀਨੇ ਤਕ ਮੁਕਾਬਲੇਬਾਜ਼ ਕ੍ਰਿਕਟ ਵਿੱਚ ਨਹੀਂ ਸੀ ਖੇਡਿਆ। ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਨੇ ਕਿਹਾ, ”RMI ਵਿੱਚ ਪੁਸ਼ਟੀ ਹੋਈ ਹੈ ਕਿ ਐਂਡਰਸਨ ਦੇ ਸੱਜੇ ਪੈਰ ਦੇ ਕੋਲ (ਸ਼ਿਨ) ਸੱਟ ਹੈ। ਇਸ ਸੱਟ ਕਾਰਨ ਉਹ ਇੰਗਲੈਂਡ ਅਤੇ ਲੈਂਕਾਸ਼ਾਇਰ ਦੀ ਮੈਡੀਕਲ ਟੀਮਾਂ ਨਾਲ ਰਿਹੈਬਿਲਿਟੇਸ਼ਨ ਪ੍ਰੋਗਰਾਮ ਸ਼ੁਰੂ ਕਰੇਗਾ।”