ਸਰਵਜੀਤ ਸਿੰਘ ਸੈਕਰਾਮੈਂਟੋ
ਰਾਗੀਆਂ-ਢਾਡੀਆਂ ਵਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ ਸੱਚ। ਇਤਿਹਾਸ ਨੂੰ ਸੰਭਾਲਣਾ ਕੋਈ ਸਧਾਰਨ ਕੰਮ ਨਹੀਂ ਹੁੰਦਾ। ਇਤਿਹਾਸ ‘ਚ ਵਾਪਰੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪਰਖ ਪੜਚੋਲ ਕਰ ਕੇ ਹੀ ਅੰਕਿਤ ਕੀਤਾ ਜਾ ਸਕਦਾ ਹੈ, ਪਰ ਸਿੱਖਾਂ ਪਾਸ ਐਨਾ ਸਮਾਂ ਕਿੱਥੇ ਸੀ। ਹਕੂਮਤਾਂ ਵਲੋਂ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ, ਸਿੱਖ ਤਾਂ ਜੰਗਲਾਂ ਦੇ ਵਾਸੀ ਸਨ। ਜੋ ਵੀ ਇਤਿਹਾਸ ਲਿਖਿਆ ਮਿਲਦਾ ਹੈ, ਉਸ ਵਿੱਚ ਬਹੁਤ ਕੁਝ ਅਜੇਹਾ ਦਰਜ ਹੈ ਜਿਸ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਵਿੱਚ ਪਰਖ-ਪੜਚੋਲ ਦੀ ਲੋੜ ਹੈ। ਅੱਜ ਇਹ ਕੰਮ ਕਈ ਵਿਦਵਾਨਾਂ ਵਲੋਂ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕਈ ਕਥਾ ਕਹਾਣੀਆਂ ਰੱਦ ਹੋ ਰਹੀਆਂ ਹਨ ਤਾਂ ਕੁਝ ਸੱਜਣਾਂ ਵਲੋਂ ਵਿਰੋਧ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਕਈ ਵਾਰ ਅਣਸੁਖਾਵੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਖ਼ੈਰ, ਅੱਜ ਸਾਡਾ ਵਿਸ਼ਾ ਪੁਰਾਤਨ ਇਤਿਹਾਸ ਦੀ ਖੋਟ ਨਹੀਂ, ਸਗੋਂ ਮੌਜੂਦਾ ਸਮੇਂ ਕਿਸੇ ਸਾਜ਼ਿਸ਼ ਅਧੀਨ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਹੈ। ਜੋ ਕਿਸੇ ਵਿਰੋਧੀ ਵਲੋਂ ਨਹੀਂ, ਸਗੋਂ ਸਾਡੇ ਆਪਣਿਆਂ ਵਲੋਂ ਹੀ ਕੀਤੀ ਜਾ ਰਹੀ ਹੈ। ਇਹ ਹੈ ਸਿੱਖਾਂ ਦੀ ਸਰਬ ਉਚ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸੰਮਤ 535 ਨਾਨਕਸ਼ਾਹੀ (2003 ਈ.) ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਜਿਸ ਦੇ ਸਾਲ ਦੀ ਲੰਬਾਈ, ਮਹੀਨੇ ਦਾ ਅਰੰਭ, ਮਹੀਨੇ ਦੇ ਦਿਨ, ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਸਦਾ ਲਈ, ਵਿਦਵਾਨਾਂ ਵਲੋਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਸਮੇਂ ਦੇ ਹਾਣੀ ਅਤੇ ਵਿਗਿਆਨਿਕ ਕੈਲੰਡਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਭਵਿੱਖ ਲਈ ਕਲਿਆਣਕਾਰੀ ਮੰਨਦੇ ਹੋਏ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰ ਲਿਆ। ਅਚਾਨਕ ਹੀ ਅਕਤੂਬਰ 2009 ਈ. ਵਿੱਚ ਕੈਲੰਡਰ ‘ਚ ਸੋਧ ਕਰਨ ਲਈ ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ‘ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾਉਣ ਦੀ ਖ਼ਬਰ ਆ ਗਈ। ਇਸ ਕਮੇਟੀ ਦੀ ਰਿਪੋਰਟ ਮੁਤਾਬਕ ਸੋਧ ਦੇ ਨਾਮ ਹੇਠ ਵਿਗਾੜ ਕੇ, ਸ਼੍ਰੋਮਣੀ ਕਮੇਟੀ ਵਲੋਂ ਸੰਮਤ 542 ਨਾਨਕਸ਼ਾਹੀ (2010 ਈ.) ਵਿੱਚ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਇੱਕ ਮਿਲਗੋਭਾ ਕੈਲੰਡਰ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਵਿਦੇਸ਼ਾਂ, ਖਾਸ ਕਰ ਕੇ ਪਾਕਿਸਤਾਨ, ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ, ਹਰ ਸਾਲ ਹੀ ਤਾਰੀਖ਼ਾਂ ਦਾ ਰੇੜਕਾ ਪਿਆ ਰਹਿੰਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਜੋ ਇਸ ਵਿਵਾਦ ਲਈ ਜਿੰਮੇਵਾਰ ਹੈ, ਵਲੋਂ ਪਿਛਲੇ ਸਾਲਾਂ ਵਿੱਚ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਇਸ ਵਿਵਾਦ ਨੂੰ ਸੁਲਝਾਉਣ ਲਈ ਸੁਹਿਰਦ ਯਤਨ ਕਰਨੇ ਤਾਂ ਇੱਕ ਪਾਸੇ, ਉਸ ਵਲੋਂ ਅੱਜ ਤਕ ਇਹ ਤਕ ਨਹੀਂ ਦੱਸਿਆ ਕਿ ਕੈਲੰਡਰ ਨੂੰ ਵਿਗਾੜਨ ਪਿੱਛੇ, ਜਿਸ ਨੂੰ ਉਹ ਸੋਧ ਕਹਿੰਦੇ ਨੇ, ਕਾਰਨ ਕੀ ਸਨ।
ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਨ੍ਹੇਰੇ ਦਾ ਹੀ ਗਿਆਨ ਸੀ। ਇਸ ਪਿੱਛੋਂ ਇਨਸਾਨ ਨੂੰ ਚੰਦ ਦੇ ੱਧਣ-ਘਟਣ ਅਤੇ ਚਾਨਣੀ-ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖ਼ਿਆਲ ਕਰੋ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰ ਕੇ ਕੈਲੰਡਰ ਦਾ ਮੁੱਢ ਬੰਨ੍ਹਿਆ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿੱਚ ਪ੍ਰਚਲਤ ਹੈ। ਜਿਉਂ-ਜਿਉਂ ਮਨੁੱਖ ਦੀ ਰੁੱਤਾਂ ਸਬੰਧੀ ਜਾਣਕਾਰੀ ਵਿੱਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿੱਚ ਆ ਗਏ। ਇਨਸਾਨ ਦੀ ਜਾਣਕਾਰੀ ‘ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰਾਂ ‘ਚ ਲੋੜ ਮੁਤਾਬਕ ਸੋਧਾਂ ਵੀ ਹੁੰਦੀਆਂ ਰਹੀਆਂ। ਇਸੇ ਵਿਕਾਸ ਦੀ ਹੀ ਦੇਣ ਹੈ ਨਾਨਕਸ਼ਾਹੀ ਕੈਲੰਡਰ।
ਕੈਲੰਡਰ, ਚੰਦ ਅਧਾਰਿਤ ਜਾਂ ਸੂਰਜੀ, ਦੋ ਤਰ੍ਹਾਂ ਬਣਾਏ ਜਾਂਦੇ ਹਨ। ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ। ਇਹ ਚੱਕਰ 29.53059 ਦਿਨ ਵਿੱਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਦਾ ਇੱਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ ਬਾਰਾਂ ਮਹੀਨੇ (ਚੇਤ ਤੋਂ ਫ਼ੱਗਣ) ਹੁੰਦੇ ਹਨ। ਸਾਲ ਦੀ ਲੰਬਾਈ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਮੰਨੀ ਗਈ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਇਸ ਦਾ ਇਕ ਚੱਕਰ 365.2422 ਦਿਨਾਂ ਵਿੱਚ ਪੂਰਾ ਹੁੰਦਾ ਹੈ ਜਿਸ ਨੂੰ ਰੁੱਤੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਚੰਦ ਦੇ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀ ਹੁੰਦਾ। ਰੁੱਤਾਂ ਦਾ ਸਬੰਧ ਸੂਰਜੀ ਕੈਲੰਡਰ ਨਾਲ ਹੈ। ਦੁਨੀਆਂ ਦੇ ਸਾਂਝੇ ਕੈਲੰਡਰ (ਸੀ. ਈ.) ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਵੀ 365.2425 ਦਿਨ ਹੈ। ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਜੀ ਸਾਲ ਦੇ 365 ਦਿਨ ਹੁੰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ (ਚੇਤ ਤੋਂ ਫ਼ੱਗਣ) ਛਾਪਿਆ ਜਾਂਦਾ ਹੈ, ਉਸ ਦੇ ਵੀ 365 ਦਿਨ ਹੀ ਬਣਦੇ ਹਨ। 365 ਦਿਨਾਂ ਦੇ ਸਾਲ ਵਿੱਚ ਹਰ ਦਿਨ-ਤਿਓਹਾਰ, ਹਰ ਸਾਲ ਉਸੇ ਤਾਰੀਖ਼ ਨੂੰ ਹੀ ਆਉਂਦਾ ਹੈ, ਜਿਵੇਂ ਕਿ ਸਾਡਾ ਜਨਮ ਦਿਨ। ਪਰ ਹੈਰਾਨੀ ਮੈਨੂੰ ਉਸ ਵਕਤ ਹੋਈ ਜਦੋਂ ਮੈਂ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਗਏ ਪਿਛਲੇ ਸਾਲਾਂ ਦੇ ਕੈਲੰਡਰ ਵੇਖੇ ਤਾਂ। ਉਨ੍ਹਾਂ ਵਿੱਚ ਹਰ ਸਾਲ, ਹਰ ਗੁਰਪੁਰਬ ਦੀ ਬਦਲਵੀਂ ਤਾਰੀਖ਼ ਦਰਜ ਹੈ।

ਇਹ ਠੀਕ ਹੈ ਕਿ ਵੱਖ-ਵੱਖ ਸੂਰਜੀ ਕੈਲੰਡਰਾਂ ਮੁਤਾਬਕ ਸਾਲ ਦੀ ਲੰਬਾਈ ਵਿੱਚ ਕੁਝ ਮਿੰਟਾਂ ਦਾ ਫ਼ਰਕ ਹੁੰਦਾ ਹੈ। ਇਹ ਫ਼ਰਕ ਵਧਦਾ-ਵਧਦਾ ਕੁਝ ਸਾਲਾਂ ਪਿੱਛੋਂ ਇੱਕ ਦਿਨ ਦਾ ਬਣ ਜਾਂਦਾ ਹੈ। ਇਸ ਕਾਰਨ ਲੰਮੇ ਸਮੇਂ ਪਿੱਛੋਂ ਸੂਰਜੀ ਕੈਲੰਡਰ ਦਾ ਸਬੰਧ ਵੀ ਰੁੱਤਾਂ ਨਾਲੋਂ ਟੁੱਟ ਜਾਂਦਾ ਹੈ। ਜਿਵੇਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365 ਦਿਨ 6 ਘੰਟੇ ਮੰਨੀ ਗਈ ਸੀ। 1582 ਈ. ਵਿਚ ਰੋਮ ਵਾਸੀਆਂ ਨੂੰ ਗਿਆਨ ਹੋਇਆ ਕਿ ਰੁੱਤਾਂ ਦਾ ਸਬੰਧ ਕੈਲੰਡਰ ਨਾਲੋਂ ਟੁੱਟ ਗਿਆ ਹੈ। ਫ਼ਿਰ ਵਿਦਵਾਨਾਂ ਵਲੋਂ ਪੜਤਾਲ ਕਰਨ ਤੇ ਇਹ ਤੱਥ ਸਾਹਮਣੇ ਆਇਆ ਕਿ ਅਸਲ ਵਿੱਚ ਸਾਲ ਦੀ ਲੰਬਾਈ 365 ਦਿਨ 6 ਘੰਟੇ ਨਹੀਂ ਸਗੋਂ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਹੈ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ, ਧਰਤੀ ਦੇ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਤੋਂ ਲੱਗਭੱਗ 11.25 ਮਿੰਟ ਵੱਧ ਸੀ ਜਿਸ ਕਾਰਨ 128 ਸਾਲ ਪਿਛੋਂ (1440/11.25=128) ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ। ਇਸ ਫ਼ਰਕ ਨੂੰ ਸਹੀ ਕਰਨ ਲਈ ਹੀ ਉਨ੍ਹਾਂ ਨੇ 1582 ਈ. ਵਿੱਚ ਵੀਰਵਾਰ 4 ਅਕਤੂਬਰ ਤੋਂ ਪਿਛੋਂ ਸ਼ੁਕਰਵਾਰ ਨੂੰ 15 ਅਕਤੂਬਰ ਕਰ ਕੇ 10 ਤਾਰੀਖ਼ਾਂ ਖ਼ਤਮ ਕਰ ਦਿੱਤੀਆਂ। ਪਰ ਸਾਡੇ ਪਾਸੇ ਤਾਂ ਸਾਲ ਦੀ ਲੰਬਾਈ 24 ਮਿੰਟ (ਸੂਰਜੀ ਸਿਧਾਂਤ ਅਨੁਸਾਰ) ਵੱਧ ਸੀ ਜਿਸ ਕਾਰਨ ਹਰ 60 ਸਾਲ ਪਿੱਛੋਂ (1440/24=60) ਹੀ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ। 1964 ਈ. ਵਿੱਚ ਹਿੰਦੂ ਵਿਦਵਾਨਾਂ ਨੇ ਇਸ ‘ਚ ਸੋਧ ਕਰ ਕੇ ਸਾਲ ਦੀ ਲੰਬਾਈ ਲਗਭੱਗ 4 ਮਿੰਟ ਘੱਟ ਕੀਤੀ ਸੀ। ਅੱਜ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ। ਹੁਣ ਵੀ ਇਹ ਲੰਬਾਈ ਲਗਭੱਗ 20 ਮਿੰਟ ਵੱਧ ਹੋਣ ਕਾਰਨ, ਇਸ ਵਿੱਚ 72 ਸਾਲ ਪਿਛੋਂ (1440/20=72) ਇੱਕ ਦਿਨ ਦਾ ਫ਼ਰਕ ਪੈ ਜਾਂਦਾ ਹੈ।

ਉਪ੍ਰੋਕਤ ਚਰਚਾ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਕਿ ਸੀ. ਈ. ਕੈਲੰਡਰ ਦੇ ਸਾਧਾਰਨ ਸਾਲ ਵਿੱਚ 365 (1 ਜਨਵਰੀ ਤੋਂ 30 ਦਸੰਬਰ) ਦਿਨ ਹੀ ਹੁੰਦੇ ਹਨ। ਇਸੇ ਕਾਰਨ ਹੀ ਸਾਡਾ ਜਨਮ ਦਿਨ ਹਰ ਸਾਲ ਮੁੜ ਮੁੜ ਉਸੇ ਤਾਰੀਖ ਨੂੰ ਹੀ ਆਉਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਵੀ, 1 ਚੇਤ ਤੋਂ 30 ਫ਼ੱਗਣ ਤੀਕ 365 ਦਿਨ ਹੀ ਬਣਦੇ ਹਨ, ਜਿਸ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਪੁਰਬ ਹਰ ਸਾਲ ਮੁੜ ਉਸੇ ਪ੍ਰਵਿਸ਼ਟੇ (ਤਾਰੀਖ) ਨੂੰ ਕਿਉਂ ਨਹੀਂ ਆਉਂਦੇ? ਹਰ ਸਾਲ ਹਰ ਗੁਰਪੁਰਬ ਦੀ ਤਾਰੀਖ ਕਿਉਂ ਬਦਲ ਦਿੱਤੀ ਜਾਂਦੀ ਹੈ? ਇਹ ਹੈ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸ ਨੂੰ ਜਾਣ ਬੁਝ ਕੇ ਵਿਗਾੜਨ ਦੀ ਕੋਝੀ ਸਾਜ਼ਿਸ਼। ਸਾਡਾ ਇਹ ਦਾਵਾ ਓਦੋਂ ਤਕ ਕਾਇਮ ਰਹੇਗਾ ਜਦੋਂ ਤਕ ਸ਼੍ਰੋਮਣੀ ਕਮੇਟੀ ਵਲੋਂ, ਤੱਥਾਂ ‘ਤੇ ਅਧਾਰਿਤ ਆਪਣਾ ਪੱਖ ਲਿਖਤੀ ਰੂਪ ਵਿੱਚ ਪੇਸ਼ ਕਰ ਕੇ ਬਦਲਵੀਆਂ ਤਾਰੀਖ਼ਾਂ ਨੂੰ ਸਹੀ ਸਾਬਿਤ ਨਹੀਂ ਕੀਤਾ ਜਾਂਦਾ। ਖ਼ਾਲਸਾ ਜੀ ਜਾਗੋ! ਕੀ ਅਸੀਂ ਲੰਘ ਗਏ ਸੱਪ ਦੀ ਲੀਕ ਪਿੱਟਣ ਜੋਗੇ ਹੀ ਹਾਂ? ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਸਾਜ਼ਿਸ਼ ਅਧੀਨ ਗੁਰ ਇਤਿਹਾਸ ਨੂੰ ਵਿਗਾੜ ਰਹੀ ਹੈ ਤਾਂ ਕੀ ਸਾਡੀ ਕੋਈ ਜਿ§ਮ¶ਵਾਰੀ ਨਹੀਂ? ਉਠੋ! ਤੇ ਉੱਠ ਕੇ ਆਪਣਾ ਫ਼ਰਜ਼ ਪਛਾਣੋ।