ਸਰਬਜੀਤ ਸਿੰਘ ਸੈਕਰਾਮੈਂਟੋ
ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜ੍ਹੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀਂ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀਂ ਸਾਬਿਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇੱਕ ਖ਼ਾਸ ਰਫ਼ਤਾਰ ਅਤੇ ਇੱਕ ਖ਼ਾਸ ਦੂਰੀ ‘ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵਲੋਂ ਕੀਤੀ ਗਈ ਗ਼ਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ ਨਾਲ ਜ਼ਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿਛੋਂ, 1992 ਈ. ਵਿੱਚ ਪਿਛਲਾ ਫ਼ੈਸਲਾ ਖ਼ਾਰਜ ਕਰ ਦਿੱਤਾ। ਪੋਪ ਜੌਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫ਼ੀ ਮੰਗਦਿਆਂ ਕਿਹਾ, ”ਤੁਸੀਂ ਸਹੀ ਸੀ, ਅਸੀਂ ਸਾਰੇ ਹੀ ਗ਼ਲਤ ਸਾਂ।”
ਅੱਜ ਇਹ ਘੋੜੇ ਚੜ੍ਹੀ ਸੱਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲੱਗਭੱਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾ ਉੱਪਰ) ਦੀ ਰਫ਼ਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉੱਤੇ ਦਿਨ ਅਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੌਸ਼ਨੀ ਪੈਣ ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲੱਗਭੱਗ 92,96,2,000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿੱਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾ ਜਾਂਦਾ ਹੈ। ਧਰਤੀ ਤੇ ਰੁੱਤਾਂ ਇਸੇ ਮੁਤਾਬਕ ਬਦਲਦੀਆਂ ਹਨ।
ਧਰਤੀ ਦੇ ਸੂਰਜ ਦੁਆਲੇ ਇਸ ਚੱਕਰ ਵਿੱਚ ਦੋ ਦਿਨ ਅਜੇਹੇ ਆਉਂਦੇ ਹਨ ਜਦੋਂ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ; ਉਸੇ ਵੇਲੇ ਦੱਖਣੀ ਅਰਧ ਗੋਲੇ ਵਿੱਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਸਾਲ ਵਿੱਚ ਦੋ ਦਿਨ ਅਜੇਹੇ ਵੀ ਆਉਂਦੇ ਹਨ ਜਦੋਂ ਸਾਰੀ ਧਰਤੀ ਤੇ ਦਿਨ ਅਤੇ ਰਾਤ ਬਾਰਬਰ ਹੁੰਦੇ ਹਨ। ਭਾਵੇਂ ਸਾਨੂੰ ਇਹ ਪੜ੍ਹਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿੱਪ ਜਾਂਦਾ ਹੈ, ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90° ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89° ਜਾਂ 91° ਤੋਂ ਊਦੇ ਹੁੰਦਾ ਹੈ। ਸੂਰਜ ਦੇ ਊਦੇ ਹੋਣ ਦੀ ਦਿਸ਼ਾ ਲੱਗਭੱਗ 62° ਤੋਂ 117° ਤਾਂਈ ਬਦਲਦੀ ਰਹਿੰਦੀ ਹੈ। ਇਸ ਨੂੰ ਸੂਰਜ ਦਾ ਰੱਥ ਫ਼ਿਰਨਾ ਕਿਹਾ ਜਾਂਦਾ ਹੈ। ”ਰਥੁ ਫ਼ਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ 1108)। ਧਰਤੀ ਦੇ ਧੁਰੇ ਦਾ ਲੱਗਭੱਗ 23.5° ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ‘ਤੇ ਸੂਰਜ ਦੀ ਰੌਸ਼ਨੀ ਅਤੇ ਗਰਮੀ ਵੱਧਦੀ-ਘੱਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉੱਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ।
ਚੰਦ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇੱਕ ਦਿਨ ਦਾ ਇੱਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ 27.32 ਦਿਨ (27 ਦਿਨ 7 ਘੰਟੇ 43 ਮਿੰਟ) ਸਮਾਂ ਬਣਦਾ ਹੈ, ਪਰ ਇਸੇ ਸਮੇਂ ਦੌਰਾਨ ਧਰਤੀ ਜੋ ਸੂਰਜ ਦੁਆਲੇ ਘੁੰਮਦੀ ਹੈ, ਲੱਗ ਭੱਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵਧੇ ਹੋਏ ਫ਼ਾਸਲੇ ਸਮੇਤ ਇੱਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 (29 ਦਿਨ 12 ਘੰਟੇ 44 ਮਿੰਟ) ਦਿਨ ਲੱਗਦੇ ਹਨ। ਇਸ ਨੂੰ ਚੰਦ ਦਾ ਇੱਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ (ਅਮੰਤਾ) ਜਾਂ ਪੂੰਨਿਆ ਤੋਂ ਪੂੰਨਿਆ (ਪੂਰਨਮੰਤਾ) ਤਾਂਈ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ। ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਚੰਦ ਦਾ ਇੱਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਇੱਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿੱਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ  ਇੱਕ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਹੈ। ਹੈਰਾਨੀ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ, ਬਸੰਤ ਰੁੱਤ ਦਾ ਅਰੰਭ, ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 5 ਨੂੰ ਹੀ ਮਨਾਉਂਦੀ ਹੈ, ਜੋ ਇਸ ਸਾਲ 1 ਫ਼ਰਵਰੀ ਨੂੰ ਸੀ। ਹਰ ਸਾਲ ਮਾਘ ਸੁਦੀ ਪੰਚਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ  ਗੁਰਦਵਾਰਿਆਂ ਵਿੱਚ ਵਿਸ਼ੇਸ਼ ਦਿਵਾਨ ਸਜਾਏ ਜਾਂਦੇ ਹਨ।
ਸਨਾਤਨ ਧਰਮ ਵਿੱਚ ਇਹ ਦਿਨ ਮਿਥਿਹਾਸਿਕ ਦੇਵੀ ਸਰਸਵਤੀ ਦਾ ਜਨਮ ਦਿਨ ਹੈ ਜੋ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਆਮ ਲੋਕਾਂ ‘ਚ ਪ੍ਰਚੱਲਤ ਕਰਨ ਲਈ ਬਸੰਤ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ। ਬਸੰਤ ਤਾਂ ਇੱਕ ਰੁੱਤ ਹੈ। ਉਹ ਰੁੱਤ, ਜੋ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ ਖ਼ਤਮ ਹੋਣ ਤੋਂ ਪਿਛੋ ਬਨਸਪਤੀ ਵਿੱਚ ਖੇੜਾ ਆਉਂਦਾ ਹੈ। ਇਸ ਦਾ ਸਿੱਧਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਮਾਘ ਸੁਦੀ 5 ਨੂੰ ਮਨਾਈ ਜਾਣ ਵਾਲੀ ਬਸੰਤ 2015 ਈ. ਵਿੱਚ 24 ਜਨਵਰੀ, 2016 ਈ. ਵਿੱਚ 12 ਫ਼ਰਵਰੀ, ਅਤੇ ਇਸ ਸਾਲ 1 ਫ਼ਰਵਰੀ ਨੂੰ ਆਈ ਸੀ।  ਹੁਣ 2018 ਈ. ਵਿੱਚ 22 ਜਨਵਰੀ, 2019 ਈ. ਵਿੱਚ 10 ਫ਼ਰਵਰੀ ਅਤੇ 2020 ਈ. ਵਿੱਚ 30 ਜਨਵਰੀ ਨੂੰ ਆਵੇਗੀ। ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੇਂਦਰੀ ਸੰਸਥਾ ਇਹ ਗੱਲ ਸਮਝਣ ਤੋਂ ਅਸਮਰੱਥ ਹੈ ਕਿ ਕਿਸੇ ਵੀ ਰੁੱਤ ਦਾ ਆਰੰਭ ਇਸ ਤਰ੍ਹਾਂ ਡੱਡੂ ਛੜੱਪਿਆਂ ਨਾਲ ਨਹੀਂ ਹੁੰਦਾ ਸਗੋਂ ਰੁੱਤ ਦਾ ਆਰੰਭ ਤਾਂ ਇੱਕ ਖ਼ਾਸ ਸਮੇਂ ‘ਤੇ ਹੁੰਦਾ ਹੈ। ਉਨ੍ਹਾਂ ਨੂੰ ਕੋਈ ਵੀ ਸਵਾਲ ਪੁਛ ਕੇ ਦੇਖੋ, ਸਾਰੇ ਸਵਾਲਾਂ ਦਾ ਇੱਕ ਹੀ ਜਵਾਬ ਹੁੰਦਾ ਹੈ ਉਹ ਹੈ, ”ਸੀਨਾ-ਬਸੀਨਾ ਚੱਲੀ ਆ ਰਹੀ ਮਰਿਯਾਦਾ।” ਭਾਵੇਂ, ਇਹ ਮਰਿਯਾਦਾ ਗੁਰਬਾਣੀ ਦੀ ਅਵੱਗਿਆ ਹੀ ਕਰਦੀ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ  ”ਰਾਮਕਲੀ ਮਹਲਾ ? ਰੁਤੀ ਸਲੋਕੁ” (ਪੰਨਾ 927) ਦਰਜ ਹੈ। ਇਸ ਸਲੋਕ ਵਿੱਚ 6 ਰੁੱਤਾਂ ਦਾ ਜ਼ਿਕਰ ਹੈ ਜਿਸ ਅਨੁਸਾਰ ਬਸੰਤ ਰੁੱਤ ਚੇਤ ਅਤੇ ਵੈਸਾਖ ਮਹੀਨੇ ‘ਚ ਆਉਂਦੀ ਹੈ। ”ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” ਅਤੇ ਮਾਘ ਅਤੇ ਫ਼ੱਗਣ ਮਹੀਨੇ ਵਿੱਚ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ, ”ਹਿਮਕਰ ਰ°ਤਿ ਮਿਨ ਭਾਵਤੀ ਮਾਘ° ਫ਼×ਣ° ×°ਣਵ§ਤ ਜੀੳ°।” ਪਰ ਦਰਬਾਰ ਸਾਹਿਬ ਵਿਖੇ ਮਾਘ ਅਤੇ ਫ਼ੱਗਣ ਦੇ ਮਹੀਨੇ ਬਸੰਤ ਰਾਗ ਗਾਇਆ ਜਾਂਦਾ ਹੈ। ਅਜੇਹਾ ਕਿਉ? ਜੇ ਬਸੰਤ ਰਾਗ ਗਾਉਣਾ ਹੀ ਹੈ ਤਾਂ ਬਸੰਤ ਦੀ ਰੁੱਤ ਵਿੱਚ ਭਾਵ ਚੇਤ-ਵੈਸਾਖ ਦੇ ਮਹੀਨੇ ‘ਚ ਕਿਓਂ ਨਹੀਂ? ਇਸ ਸਵਾਲ ਦੇ ਜਵਾਬ ਦੀ ਭਾਲ ਵਿੱਚ, ਧਰਮ ਪ੍ਰਚਾਰ ਕਮੇਟੀ ਦੇ ਇੱਕ ਉਚ ਅਹੁਦੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨਾਲ ਸੰਪਰਕ ਕਰੋ। ਦਿੱਤੇ ਗਏ ਨੰਬਰ ‘ਤੇ ਜਦੋਂ ਸਿੰਘ ਸਾਹਿਬ ਨਾਲ ਸੰਪਰਕ ਨਾ ਹੋਇਆ ਤਾਂ ਉਸੇ ਨਾਮ ਵਾਲੇ ਸਹਾਇਕ ਸਿੰਘ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਤਾਂ ਗੁਰੂ ਅਰਜਨ ਦੇਵ ਜੀ ਵਲੋਂ ਚਲਾਈ ਹੋਈ ਮਰਯਾਦਾ ਦੇ ਅਨੂਸਾਰ ਹੀ ਮਾਘ-ਫ਼ੱਗਣ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ। ਉਨ੍ਹਾਂ ਸੀਨਾ-ਬਸੀਨਾ ਚੱਲੀ ਆ ਰਹੀ ਮਰਿਯਾਦਾ ਦਾ ਹਵਾਲਾ ਦੇ ਕੇ, ਰਾਗ ਆਰੰਭ ਕਰਨ ਵੇਲੇ ਕੀਤੀ ਜਾਣ ਵਾਲੀ ਅਰਦਾਸ ਦੀਆਂ ਪੰਗਤੀਆਂ ਦਾ ਉੱਚਾਰਨ ਵੀ ਕੀਤਾ। ਜਦੋਂ ਇਹ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ-ਵੈਸਾਖ ਵਿੱਚ ਆਉਂਦੀ ਹੈ ਤਾਂ ਹਿਮਕਰ ਰੁੱਤ ਭਾਵ ਮਾਘ-ਫ਼ੱਗਣ ਵਿੱਚ ਬਸੰਤ ਰਾਗ ਦੇ ਗਾਉਣ ਦੀ ਮਰਿਯਾਦਾ ਗੁਰੂ ਜੀ ਨੇ ਆਰੰਭ ਕੀਤੀ ਹੋਵੇਗੀ, ਇਹ ਗੱਲ ਮੰਨਣ ‘ਚ ਨਹੀਂ ਆਉਂਦੀ। ਜਵਾਬ ਮਿਲਿਆ ਕਿ ਰਾਗ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਤੁਸੀਂ ਕਿਸੇ ਰਾਗੀ ਜਥੇ ਨਾਲ ਸੰਪਰਕ ਕਰੋ।
ਉਪ੍ਰੋਕਤ ਚਰਚਾ ਤੋਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੁੱਤਾਂ ਦਾ ਸਬੰਧ ਧਰਤੀ ਦੁਆਲੇ ਚੰਦ ਦੀ ਚਾਲ ਨਾਲ ਨਹੀਂ ਸਗੋਂ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੋਣ ਕਾਰਨ, ਸ਼੍ਰੋਮਣੀ ਕਮੇਟੀ ਵਲੋਂ ਮਾਘ ਸੁਦੀ ਪੰਚਮੀ ਨੂੰ, ਕਲਪਿਤ ਦੇਵੀ ਸਰਸਵਤੀ ਦੇ ਕਥਿਤ ਜਨਮ ਦਿਨ ਉੱਤੇ ਉਚੇਚੇ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣ ਨੂੰ ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸੀਨਾ-ਬਸੀਨਾ ਚੱਲੀ ਆ ਰਹੀ ਮਰਿਯਾਦਾ ਤੇ ਗੁਰਬਾਣੀ ਦੀ ਪਰਖ ਕਸਵੱਟੀ ਲਾਉਣ ਦੀ ਸਖ਼ਤ ਲੋੜ ਹੈ। ਬਾਣੀ ਦੀ ਪਾਵਨ ਪੰਗਤੀ  ”ਸੂਰਜੁ ਏਕੋ ਰੁਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ” ਤੋਂ ਵੀ ਸਾਨੂੰ ਇਹ ਹੀ ਸੇਧ ਮਿਲਦੀ ਹੈ ਕਿ ਵੱਖ-ਵੱਖ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ।
ਕਾਸ਼! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਤੇ ਦੇ ਇਸ ਨਿਯਮ ਨੂੰ ਸਮਝ ਸਕਦੀ।

LEAVE A REPLY