ਲੰਬੀ : ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਾਦਲ ਦੇ ਮਜ਼ਬੂਤ ਅਧਾਰ ਵਾਲੇ ਲੰਬੀ ‘ਚ ਤੂਫਾਨ ਲਿਆਉਂਦਿਆਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ‘ਤੇ ਦੋ ਮਹੀਨਿਆਂ ਅੰਦਰ ਦਲਿਤਾਂ ਤੇ ਗਰੀਬਾਂ ਨੂੰ ਜ਼ਮੀਨਾਂ ਮੁਹੱਈਆ ਕਰਵਾਉਣ, ਤਿੰਨ ਮਹੀਨੇ ਅੰਦਰ ਬੇਰੁਜ਼ਗਾਰ ਗਰੀਬਾਂ ਨੂੰ ਨੌਕਰੀਆਂ ਦੇਣ ਸਮੇਤ, ਸਮਾਂਬੱਧ ਤਰੀਕੇ ਨਾਲ ਕਾਂਗਰਸ ਮੈਨਿਫੈਸਟੋ ਨੂੰ ਲਾਗੂ ਕਰਨ ਦਾ ਐਲਾਨ ਕੀਤਾ।
ਇਥੇ ਪੂਰੀ ਤਰ੍ਹਾਂ ਭਰੇ ਮਾਨਸਿੰਘ ਸਟੇਡਿਅਮ ‘ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ, ਰਾਹੁਲ ਨੇ ਸੂਬੇ ਦਾ ਕੰਮਕਾਜ ਸੰਭਾਲਣ ਦੇ ਇਕ ਮਹੀਨੇ ਅੰਦਰ ਚਿੱਟੇ ਦਾ ਅੰਤ ਕਰਨ ਤੋਂ ਇਲਾਵਾ, ਉਜਡ਼ ਚੁੱਕੇ ਉਦਯੋਗਾਂ ਨੂੰ ਮੁਡ਼ ਖਡ਼੍ਹਾ ਕਰਨ ਦੇ ਵਾਅਦੇ ਹੇਠ ਪੰਜਾਬ ‘ਚ ਕਾਂਗਰਸ ਦੇ ਪ੍ਰਚਾਰ ਦਾ ਸਮਾਪਨ ਕੀਤਾ।
ਏ.ਆਈ.ਸੀ.ਸੀ ਮੀਤ ਪ੍ਰਧਾਨ ਨੇ ਨਸ਼ਾਖੋਰੀ ਦਾ ਅੰਤ ਕਰਨ ਲਈ ਇਕ ਨਵਾਂ ਕਾਨੂੰਨ ਲਿਆਉਣ ਤੇ ਨਸ਼ੇ ਦੇ ਵਪਾਰੀਆਂ ਅਤੇ ਭ੍ਰਿਸ਼ਟ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਨੇ ਪੰਜਾਬ ਦੀ ਇਕ ਪੂਰੀ ਨੌਜ਼ਵਾਨ ਪੀਡ਼੍ਹੀ ਨੂੰ ਤਬਾਹ ਕਰ ਦਿੱਤਾ ਹੈ।
ਇਸ ਦੌਰਾਨ ਖੇਤਰ ‘ਚ ਪ੍ਰਦੂਸ਼ਣ ਤੇ ਜਾਅਲੀ ਕੀਟਨਾਸ਼ਕਾਂ ਉਪਰ ਰੋਕ ਨਾ ਹੋਣ ਕਾਰਨ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦੇ ਪ੍ਰਸਾਰ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਰਾਹੁਲ ਗਾਂਧੀ ਨੇ ਸੂਬੇ ਅੰਦਰ ਸਾਰੀਆਂ ਬਿਮਾਰੀਆਂ ਦੇ ਪੀਡ਼ਤਾਂ ਨੂੰ ਮੁਫਤ ਮੈਡੀਕਲ ਇਲਾਜ਼ ਮੁਹੱਈਆ ਕਰਵਾਉਣ ਲਈ ਇਕ ਨਵਾਂ ਕਾਨੂੰਨ ਲਿਆਉਣ ਤੋਂ ਇਲਾਵਾ, ਪ੍ਰਭਾਵਿਤਾਂ ਦੇ ਇਲਾਜ਼ ਤੇ ਉਨ੍ਹਾਂ ਦੀ ਸੰਭਾਲ ਵਾਸਤੇ ਇਕ ਵਿਸ਼ਵ ਪੱਧਰੀ ਕੈਂਸਰ ਇੰਸਟੀਚਿਊਟ ਸਥਾਪਤ ਕਰਨ ਦਾ ਵਾਅਦਾ ਕੀਤਾ।
ਰਾਹੁਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਭ ਤੇਰਾ ਦੇ ਸਿਧਾਂਤ ਦਾ ਜ਼ਿਕਰ ਕੀਤਾ, ਜਿਨ੍ਹਾਂ ਉਪਰ ਪੰਜਾਬੀਆਂ ਦੀਆਂ ਜਡ਼੍ਹਾਂ ਜੰਮੀਆਂ ਹੋਈਆਂ ਹਨ ਅਤੇ ਸੁਖਬੀਰ ਬਾਦਲ ਨੇ ਇਨ੍ਹਾਂ ਨੂੰ ਸੱਭ ਮੇਰਾ ‘ਚ ਬਦਲ ਦਿੱਤਾ ਹੈ। ਜਿਸ ‘ਤੇ, ਰਾਹੁਲ ਨੇ ਸੂਬੇ ਅੰਦਰ ਸੰਪ੍ਰਦਾਇਕ ਭਾਈਚਾਰੇ ਤੇ ਸ਼ਾਂਤੀ ਦੇ ਨਾਲ-ਨਾਲ ਪੰਜਾਬੀਅਤ ਦੀ ਅਸਲੀ ਭਾਵਨਾ ਨੂੰ ਵਾਪਿਸ ਲਿਆਉਣ ਸਬੰਧੀ ਆਪਣਾ ਵਾਅਦਾ ਦੁਹਰਾਇਆ। ਰਾਹੁਲ ਨੇ ਕਿਹਾ ਕਿ ਜਿਥੇ ਲੰਬੀ ‘ਚ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲਡ਼ ਰਹੇ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ ਕੰਮ ਕਰਨਗੇ, ਉਥੇ ਹੀ ਉਹ ਖੁਦ ਲੋਕ ਸਭਾ ਅੰਦਰ ਸੂਬੇ ਦੇ ਅਹਿਮ ਮੁੱਦਿਆਂ ਨੂੰ ਚੁੱਕਣਗੇ।
ਰਾਹੁਲ ਨੇ ਲੋਕਾਂ ਨੂੰ, ਜਿਨ੍ਹਾਂ ਨੇ ਬੀਤੇ ਦੱਸ ਸਾਲਾਂ ਦੌਰਾਨ ਮਾਫੀਆਵਾਂ ਤੇ ਭ੍ਰਿਸ਼ਟਾਚਾਰ ਰਾਹੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਬਾਦਲਾਂ ਨੂੰ ਦੇਖਿਆ ਹੈ, ਅਕਾਲੀਆਂ ਤੋਂ ਆਮ ਆਦਮੀ ਪਾਰਟੀ ਵੱਲ ਵੱਧਦਿਆਂ ਸੂਬੇ ਨੂੰ ਇਕ ਕੱਟਰਪੰਥੀ ਵਿਚਾਰ ਤੋਂ ਦੂਜੀ ਕੱਟਰਪੰਥੀ ਸੋਚ ‘ਚ ਪਹੁੰਚਾਉਣ ਖਿਲਾਫ ਚੇਤਾਵਨੀ ਦਿੱਤੀ। ਰਾਹੁਲ ਨੇ ਕਿਹਾ ਕਿ ਉਗਰ ਤਾਕਤਾਂ ਇਕ ਵਾਰ ਫਿਰ ਤੋਂ ਪੰਜਾਬ ‘ਚ ਆਪਣਾ ਸਿਰ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਮੌਡ਼ ਬੰਬ ਬਲਾਸਟ ਦਾ ਜ਼ਿਕਰ ਕੀਤਾ, ਜਿਹਡ਼ੀ ਘਟਨਾ ਕੇਜਰੀਵਾਲ ਦੇ ਇਕ ਕੇ.ਸੀ.ਐਫ ਕਮਾਂਡੋ ਦੇ ਘਰ ਰੁੱਕਣ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਈ ਹੈ।
ਉਥੇ ਹੀ, ਕੈਪਟਨ ਅਮਰਿੰਦਰ ਆਪਣੇ ਸੰਬੋਧਨ ‘ਚ ਬਾਦਲਾਂ ਅਤੇ ਕੇਜਰੀਵਾਲ ਉਪਰ ਪੰਜਾਬ ਨੂੰ ਹਿੰਸਾ ਤੇ ਤਨਾਅ ਦੇ ਨਾਜੁਕ ਹਾਲਾਤਾਂ ‘ਚ ਧਕੇਲਣ ਲਈ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਜਿਥੇ ਕੇਜਰੀਵਾਲ ਆਪਣੀ ਕੱਟਰਪੰਥੀ ਸੋਚ ਨਾਲ ਉਗਰਵਾਦ ਨੂੰ ਉਤਸਾਹ ਦੇ ਰਹੇ ਹਨ, ਉਥੇ ਹੀ ਬਾਦਲ ਸਿਆਸੀ ਹਿੱਤਾਂ ਖਾਤਿਰ ਧਰਮ ਨੂੰ ਵੇਚ ਰਹੇ ਹਨ, ਜਿਵੇਂ ਇਨ੍ਹਾਂ ਨੇ 1970 ‘ਚ ਪਟਿਆਲਾ ‘ਚ ਕੀਤਾ ਸੀ। ਜਿਸ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਤਾਜ਼ਾ ਜਾਂਚ ‘ਚ ਪ੍ਰਕਾਸ਼ ਸਿੰਘ ਬਾਦਲ ਬਰਗਾਡ਼ੀ ‘ਚ ਧਾਰਮਿਕ ਬੇਅਦਬੀ ਦੀ ਘਟਨਾ ‘ਚ ਸ਼ਾਮਿਲ ਪਾਏ ਜਾਣਗੇ ਅਤੇ ਵਾਅਦਾ ਕੀਤਾ ਕਿ ਉਹ ਬਾਦਲ ਨੂੰ ਜੇਲ੍ਹ ਭੇਜ ਦੇਣਗੇ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਨੂੰ ਪੰਜਾਬ ਤੇ ਇਸਦੇ ਬੱਚਿਆਂ ਦੇ ਭਵਿੱਖ ਵਾਸਤੇ ਵੋਟ ਕਰਾਰ ਦਿੰਦਿਆਂ, ਲੋਕਾਂ ਨੂੰ ਬਾਦਲਾਂ ਤੇ ਕੇਜਰੀਵਾਲ ਨੂੰ ਦਿਖਾਉਣ ਦੀ ਅਪੀਲ ਕੀਤੀ ਕਿ ਪੰਜਾਬੀ ਇਨ੍ਹਾਂ ਦੀ ਕੱਟਰਪੰਥੀ ਤੇ ਉਨ੍ਹਾਂ ਨੂੰ ਵੰਡਣ ਵਾਲੀ ਸਿਆਸਤ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਇਸ ਤੋਂ ਪਹਿਲਾਂ ਉਗਰਵਾਦ ਕਾਰਨ ਕਈ ਦਰਦਨਾਕ ਨੁਕਸਾਨ ਝੇਲ ਚੁੱਕੇ ਹਨ ਅਤੇ ਹੁਣ ਸ਼ਾਂਤੀ ਤੇ ਏਕਤਾ ਨਾਲ ਜਿਉਣਾ ਚਾਹੁੰਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੰਬੀ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਇਨ੍ਹਾਂ ਦੀ ਜਿੰਦਗੀ ਦਾ ਸਬਕ ਸਿਖਾਉਣ ਦੇ ਨਾਲ ਨਾਲ ਭਵਿੱਖ ਦੇ ਸਾਰਿਆਂ ਮੁੱਖ ਮੰਤਰੀਆਂ ਨੂੰ ਸਿੱਖਿਆ ਦੇਣ ਲਈ ਉਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਆਪਣੇ ਮਾਫੀਆਵਾਂ ਤੇ ਧਾਰਮਿਕ ਅਧਾਰ ‘ਤੇ ਲੋਕਾਂ ਨੂੰ ਵੰਡਣ ਲਈ ਉਨ੍ਹਾਂ ਦੀਆਂ ਭਾਵਨਾਵਾਂ ਤੇ ਜ਼ਿੰਦਗੀਆਂ ਨਾਲ ਖੇਡਣ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਜਲਾਲਾਬਾਦ ਤੇ ਮਜੀਠਾ ‘ਚ ਅਕਾਲੀ ਆਗੂਆਂ ਨੂੰ ਭਾਰੀ ਹਾਰ ਮਿਲੇਗੀ, ਜਿਥੋਂ ਕ੍ਰਮਵਾਰ ਸੁਖਬੀਰ ਬਾਦਲ ਤੇ ਬਿਕ੍ਰਮ ਸਿੰਘ ਮਜੀਠੀਆ ਆਪਣੇ ਸਿਆਸੀ ਕਰਿਅਰ ਨੂੰ ਬਚਾਉਣ ਲਈ ਲਡ਼ ਰਹੇ ਹਨ।
ਕੈਪਟਨ ਅਮਰਿੰਦਰ ਨੇ ਮੌਜ਼ੂਦ ਭੀਡ਼ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ‘ਚੋਂ ਕਿੰਨਿਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਦੀ ਇਜੱਤ ਬਚਾਉਣ ਲਈ ਕਾਲ ਆਈ ਹੈ, ਅਤੇ ਇਸ ‘ਤੇ ਕਈ ਹੱਥ ਖਡ਼੍ਹੇ ਹੋਏ ਦੇਖ ਕੇ, ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਾਦਲਾਂ ਤੇ ਉਨ੍ਹਾਂ ਦੇ ਪਿੱਠੂਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਦਿਆਲ ਸਿੰਘ ਕੋਲੀਆਂਵਾਲੀ (ਐਸ.ਜੀ.ਪੀ.ਸੀ ਮੈਂਬਰ), ਸਤਿੰਦਰਜੀਤ ਸਿੰਘ ਮੰਟਾ ਅਤੇ ਤੇਜਿੰਦਰ ਸਿੰਘ ਮਿੱਡੂਖੇਡ਼ਾ ਸਮੇਤ ਬਾਦਲਾਂ ਦੇ ਭ੍ਰਿਸ਼ਟ ਪਿੱਠੂਆਂ ਤੇ ਓ.ਐਸ.ਡੀਜ਼ ਨੂੰ ਜੇਲ੍ਹ ਭੇਜਣ ਦਾ ਆਪਣਾ ਵਾਅਦਾ ਦੁਹਰਾਇਆ, ਜਿਨ੍ਹਾਂ ਨੇ ਆਪਣੇ ਆਕਾਵਾਂ ਦੇ ਇਸ਼ਾਰਿਆ ਉਪਰ ਲੋਕਾਂ ਨੂੰ ਪ੍ਰਤਾਡ਼ਤ ਕੀਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਲੋਕਾਂ ਦੇ ਉਤਸਾਹ ਦੌਰਾਨ ਕਿਹਾ ਕਿ ਜੇ ਬਾਦਲ ਆਪਣੇ ਦਾਅਵਿਆਂ ਮੁਤਾਬਿਕ ਅਸਲਿਅਤ ‘ਚ ਇਨ੍ਹਾਂ ਗੁਨਾਹਾਂ ਤੋਂ ਅਣਜਾਨ ਹਨ, ਤਾਂ ਉਹ ਮੁੱਖ ਮੰਤਰੀ ਬਣੇ ਰਹਿਣ ਦੇ ਕਾਬਿਲ ਨਹੀਂ ਹਨ।
ਕੈਪਟਨ ਅਮਰਿੰਦਰ ਸੂਬੇ ਅੰਦਰ ਨਸ਼ੇ ਦੇ ਰੈਕੇਟ ‘ਚ ਸ਼ਾਮਿਲ ਵਿਅਕਤੀਆਂ ਉਪਰ ਵੀ ਵਰ੍ਹੇ ਤੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਹ ਇਲ੍ਹਾਂ ‘ਚੋਂ ਕਿਸੇ ਨੂੰ ਵੀ ਨਹੀਂ ਬਖਸ਼ਣਗੇ।
ਇਸ ਤੋਂ ਪਹਿਲਾਂ, ਸੂਬਾ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖਡ਼ ਨੇ ਵੀ ਲੋਕਾਂ ਨੂੰ ਸ਼ਾਂਤੀ ਤੇ ਸਥਿਰਤਾ ਲਈ ਵੋਟ ਦੇਣ ਦੀ ਅਪੀਲ ਕੀਤੀ, ਜਿਹਡ਼ੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਿਰਫ ਕਾਂਗਰਸ ਹੀ ਸੂਬੇ ਨੂੰ ਪ੍ਰਦਾਨ ਕਰ ਸਕਦੀ ਹੈ।
ਦਿੱਲੀ ਦੇ ਵਿਧਾਇਕ ਕਰਨਲ ਦਵਿੰਦਰ ਸ਼ੇਰਾਵਤ ਨੇ ਵੀ ਭੀਡ਼ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਕੇਜਰੀਵਾਲ ਦੇ ਧੋਖੇ ਤੇ ਝੂਠਾਂ ਖਿਲਾਫ ਚੇਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਇਕ ਬਿਜਨੇਸਮੈਨ ਤੇ ਝੂਠੇ ਵਿਅਕਤੀ ਹਨ, ਜਿਨ੍ਹਾਂ ਦਾ ਇਕੋ ਇਕ ਟੀਚਾ ਆਪਣੇ ਲਈ ਦੌਲਤ ਇਕੱਠੀ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਆਪ ਸਰਕਾਰ ਨੂੰ ਝੇਲ ਕੇ ਥੱਕ ਚੁੱਕੇ ਹਨ ਅਤੇ ਉਹ ਕੇਜਰੀਵਾਲ ਨੂੰ ਸੂਬੇ ‘ਤੇ ਸ਼ਾਸਨ ਕਰਨ ਲਈ ਚੁਣ ਕੇ ਪਛਤਾਵਾ ਮਹਿਸੂਸ ਕਰ ਰਹੇ ਹਨ।

LEAVE A REPLY