ਤਾਜ਼ਾ ਖ਼ਬਰਾਂ
Home / ਪੰਜਾਬ / ਡਾ. ਦਲਜੀਤ ਚੀਮਾ ਨੇ ਰੋਪਡ਼ ਰੈਲੀ ਦੌਰਾਨ ਭੀਡ਼ ਨੂੰ ਨੌਜਵਾਨ ‘ਤੇ ਹਮਲਾ ਕਰਨ ਲਈ ਉਕਸਾਇਆ : ਵਡ਼ੈਚ

ਡਾ. ਦਲਜੀਤ ਚੀਮਾ ਨੇ ਰੋਪਡ਼ ਰੈਲੀ ਦੌਰਾਨ ਭੀਡ਼ ਨੂੰ ਨੌਜਵਾਨ ‘ਤੇ ਹਮਲਾ ਕਰਨ ਲਈ ਉਕਸਾਇਆ : ਵਡ਼ੈਚ

ਚੰਡੀਗਡ਼੍ਹ  – ਆਮ ਆਦਮੀ ਪਾਰਟੀ (ਆਪ) ਨੇ ਸਿੱਖ ਨੌਜਵਾਨ ਦੀ ਰੋਪਡ਼ ਜਿਲੇ ਦੇ ਪਿੰਡ ਲੋਧੀਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੀ ਕਰਡ਼ੀ ਨਿੰਦਾ ਕੀਤੀ ਹੈ, ਕਿਉਂਕਿ ਉਸਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਿਆ ਸੀ।
ਇੱਥੋਂ ਜਾਰੀ ਇੱਕ ਬਿਆਨ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਉਸ ਵੇਲੇ ਭਡ਼ਕ ਗਏ, ਜਦੋਂ ਇੱਕ ਨੌਜਵਾਨ ਹਰਮੀਤ ਸਿੰਘ ਨੇ ਉਸਨੂੰ ਪੁੱਛਿਆ ਕਿ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਹੁਣ ਤੱਕ ਕਿਓਂ ਨਹੀਂ ਫਡ਼ ਸਕੀ। ਇਹ ਬਹੁਤ ਮੰਦਭਾਗਾ ਹੈ ਕਿ ਦਲਜੀਤ ਸਿੰਘ ਚੀਮਾ ਜੋ ਕਿ ਰੋਪਡ਼ ਸੀਟ ਤੋਂ ਚੋਣ ਲਡ਼ ਰਹੇ ਹਨ, ਉਨਾਂ ਨੇ ਅਕਾਲੀ ਵਰਕਰਾਂ ਨੂੰ ਨੌਜਵਾਨ ਦੀ ਕੁੱਟਮਾਰ ਕਰਨ ਦਾ ਇਸ਼ਾਰਾ ਕੀਤਾ। ਹਰਮੀਤ ਸਿੰਘ ਨੇ ਇਸ ਬਾਰੇ ਰੋਪਡ਼ ਦੇ ਜਿਲਾ ਰਿਟਰਨਿੰਗ ਅਫਸਰ ਕੋਲ ਸ਼ਿਕਾਇਤ ਵੀ ਕੀਤੀ ਹੈ।
ਵਡ਼ੈਚ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਬੇਅਦਬੀ ਦੀਆਂ 100 ਤੋਂ ਵੱਧ ਵਾਪਰੀਆਂ ਘਟਨਾਵਾਂ ਨਾਲ ਉਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਹੈ। ਉਨਾਂ ਕਿਹਾ ਕਿ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਲਈ ਇੱਕ ਸੋਚੀ-ਸਮਝੀ ਚਾਲ ਤਹਿਤ ਕੀਤੀਆਂ ਗਈਆਂ ਹਨ।
ਆਪ ਕਨਵੀਨਰ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦਾ ਅਕਾਲੀ ਆਗੂਆਂ ਤੋਂ ਪੁੱਛਣ ਦਾ ਅਧਿਕਾਰ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੀਆਂ ਘਟਨਾਵਾਂ ਦੀ ਸਾਜਿਸ਼ ਕਿਸਨੇ ਰਚੀ ਅਤੇ ਪੁਲਿਸ ਦੋਸ਼ੀਆਂ ਨੂੰ ਹੁਣ ਤੱਕ ਕਿਓਂ ਨਹੀਂ ਫਡ਼ ਸਕੀ।  ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਮਲੇਰਕੋਟਲਾ ਘਟਨਾ ਪਿੱਛੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਸਾਜਿਸ਼ ਮੁੱਖ ਦੋਸ਼ੀ ਵਿਜੇ ਕੁਮਾਰ ਨੇ ਬੇਨਕਾਬ ਕਰ ਦਿੱਤੀ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫਡ਼ ਕੇ ਸਜਾ ਦੇਵੇਗੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਉਤੇ ਪੱਥਰਬਾਜੀ ਦੀ ਘਟਨਾ ਅਤੇ ਮੁੱਖ ਮੰਤਰੀ ਬਾਦਲ ਉਤੇ ਜੁੱਤਾ ਸੁੱਟਣ ਦੀ ਘਟਨਾ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਸ਼ਾਮਿਲ ਨਹੀਂ ਸੀ।
ਉਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਪੈਸਾ ਕਮਾਉਣ ਦੀ ਲਾਲਸਾ ਵਿੱਚ ਸੱਤਾ ਹਾਸਿਲ ਕਰਨ ਲਈ ਹਤਾਸ਼ ਹਨ। ਉਨਾਂ ਕਿਹਾ ਕਿ ਇਹ ਗੱਲ ਹਰ ਕਿਸੇ ਦੀ ਸਮਝ ਤੋਂ ਪਰੇ ਹੈ ਕਿ 10 ਸਾਲਾਂ ਵਿੱਚ ਇਕੱਠੇ ਕੀਤੇ ਪੈਸੇ ਦੇ ਢੇਰ ਦਾ ਸੁਖਬੀਰ ਬਾਦਲ ਆਖਿਰਕਾਰ ਕੀ ਕਰਨਗੇ।

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …

Leave a Reply

Your email address will not be published.