sports-news-300x150ਰੀਓ ਡੀ ਜੇਨੇਰੀਓਂ ਭਾਰਤ ਨੇ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਨੂੰ ਰੋਕਦੇ ਹੋਏ ਮੰਗਲਵਾਰ ਨੂੰ ਰੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦਾ ਪੁਲ-ਬੀ ਮੈਚ 2-1 ਨਾਲ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।
ਭਾਰਤ ਨੇ 35ਵੇਂ ਮਿੰਟ ਤੱਕ 2-0 ਦੀ ਬੜਤ ਬਣਾ ਲਈ ਸੀ ਪਰ ਅਰਜਨਟੀਨਾ ਨੇ 49ਵੇਂ ਮਿੰਟ ‘ਚ ਆਪਣਾ ਪਹਿਲਾ ਗੋਲ ਕਰਨ ਦੇ ਬਾਅਦ ਅਗਲੇ ਛੇ ਮਿੰਟਾਂ ਤੱਕ ਭਾਰਤੀ ਡਿਫੈਂਸ ‘ਤੇ ਲਗਾਤਾਰ ਹਮਲੇ ਕੀਤੇ। ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਜਰਮਨੀ ਵਾਲੀ ਕਹਾਣੀ ਨਾ ਦੋਹਰਾ ਦੇਵੇ ਪਰ ਕਪਤਾਨ ਅਤੇ ਗੋਲਕੀਪਰ ਪੀ ਆਰ ਸ਼੍ਰੀਜੇਸ਼ ਅਤੇ ਡਿਫੈਂਡਰਾਂ ਨੇ ਫੈਸਲਾਕੁੰਨ ਮੌਕਿਆਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਓਲੰਪਿਕ ਦੀ ਦੂਜੀ ਜਿੱਤ ਦਿਵਾ ਦਿੱਤੀ।
ਭਾਰਤ ਨੇ ਸੱਤ ਸਾਲਾਂ ਬਾਅਦ ਅਰਜਨਟੀਨਾ ਨੂੰ ਹਰਾਇਆ। ਭਾਰਤ ਨੇ ਆਖਰੀ ਵਾਰ 2009 ‘ਚ ਅਰਜਨਟੀਨਾ ਨੂੰ ਹਰਾਇਆ ਸੀ। ਭਾਰਤ ਨੇ ਚਿੰਗਲੇਨਸਾਨਾ ਸਿੰਘ ਦੇ ਅੱਠਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਬੜਤ ਬਣਾ ਲਈ। ਕੋਠਾਜੀਤ ਸਿੰਘ ਨੇ 35ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਕੋਠਾਜੀਤ ਨੇ ਇਸ ਤਰ੍ਹਾਂ ਟੂਰਨਾਮੈਂਟ ‘ਚ ਭਾਰਤ ਦਾ ਇਹ ਪਹਿਲਾਂ ਮੈਦਾਨੀ ਗੋਲ ਕੀਤਾ। 2-0 ਦੀ ਬੜਤ ਦੇ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਸੱਤਵੀਂ ਰੈਂਕਿੰਗ ਦੀ ਅਰਜਨਟੀਨਾ ਟੀਮ ਦੇ ਖਿਲਾਫ਼ ਇਹ ਮੁਕਾਬਲਾ ਆਸਾਨੀ ਜਿੱਤ ਜਾਵੇਗੀ ਪਰ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਨੇ ਭਾਰਤੀ ਖਿਡਾਰੀਆਂ ਅਤੇ ਕੋਚ ਰੋਲੈਂਟ ਓਲਟਮੈਂਸ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ।
ਅਰਜਨਟੀਨਾ ਨੂੰ 49ਵੇਂ ਮਿੰਟ ‘ਚ ਮੈਚ ਦਾ ਪੈਨਲਟੀ ਕਾਰਨਰ ਮਿਲਿਆ ਅਤੇ ਗੋਂਜਾਲੋ ਪਿਲੇਟ ਨੇ ਇਸ ਨੂੰ ਗੋਲ ‘ਚ ਬਦਲਣ ‘ਚ ਕੋਈ ਗਲਤੀ ਨਹੀਂ ਕੀਤੀ। ਇਸ ਦੇ ਬਾਅਦ 52ਵੇਂ ਮਿੰਟ ‘ਚ ਅਰਜਨਟੀਨਾ ਨੂੰ ਅਗਲਾ ਪੈਨਲਟੀ ਕਾਰਨਰ ਮਿਲਿਆ, ਜੋ ਬੇਕਾਰ ਗਿਆ ਪਰ ਅੰਪਾਇਰ ਨੇ ਫਾਊਲ ਦਾ ਹਵਾਲਾ ਦਿੰਦੇ ਹੋਏ ਅਰਜਨਟੀਨਾ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਭਾਰਤ ਨੇ ਰੈਫਰਲ ਮੰਗਿਆ ਅਤੇ ਇਹ ਪੈਨਲਟੀ ਕਾਰਨਰ ਖਾਰਿਜ ਹੋ ਗਿਆ ਪਰ ਅਗਲੇ ਹੀ ਮਿੰਟ ‘ਚ ਅਰਜਨਟੀਨਾ ਨੂੰ ਰੈਫਰਲ ‘ਤੇ ਇੱਕ ਹੋਰ ਪੈਨਲਟੀ ਕਾਰਨਰ ਮਿਲ ਗਿਆ। ਸ਼੍ਰੀਜੇਸ਼ ਨੇ ਅਰਜਨਟੀਨਾ ਦੇ ਪੈਨਲਟੀ ਕਾਰਨਰ ਦਾ ਸ਼ਾਨਦਾਰ ਤਰੀਕੇ ਨਾਲ ਬਚਾਅ ਕੀਤਾ। ਅੰਤ ਭਾਰਤ ਨੇ ਮੁਕਾਬਲਾ 2-1 ਨਾਲ ਜਿੱਤ ਲਿਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਹਾਲੈਂਡ ਨਾਲ ਹੋਵੇਗਾ।

LEAVE A REPLY