ਤਾਜ਼ਾ ਖ਼ਬਰਾਂ
Home / ਲੜੀਵਾਰ / ਚਰਚਾ ਤੇ ਚੇਤਾ / ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!

ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!

gurbachan-300x150ਕੁਝ ਲੋਕਾਂ ਦਾ ਮੱਤ ਹੈ, ਨਾਂ ਵਿੱਚ ਕੀ ਪਿਆ ਹੈ! ਉਹ ਕਹਿੰਦੇ ਹਨ, ਜੇ ਕਿਸੇ ਮੋਹਨ ਸਿੰਘ ਦਾ ਨਾਂ ਸੋਹਨ ਸਿੰਘ ਹੁੰਦਾ, ਇਸ ਨਾਲ ਕੁਝ ਨਹੀਂ ਸੀ ਬਦਲਨਾ। ਕੁਝ ਹੋਰ ਆਖਦੇ ਹਨ, ਨਾਂ ਵਿੱਚ ਬਹੁਤ ਕੁਝ ਹੁੰਦਾ ਹੈ। ਉਹ ਸੰਬੰਧਿਤ ਬੰਦੇ ਦੀ ਮਾਇਕ-ਸਮਾਜਕ ਹਾਲਤ ਦਾ ਖ਼ੁਲਾਸਾ ਕਰ ਦੇਣ ਵਾਲੇ ਇੱਕੋ ਨਾਂ ਦੇ ਤਿੰਨ ਰੂਪਾਂ ਦੀ ਮਿਸਾਲ ਦਿੰਦੇ ਹਨ, ”ਪਰਸੂ, ਪਰਸਾ, ਪਰਸ ਰਾਮ, ਮਾਇਆ ਤੇਰੇ ਤੀਨ ਨਾਮ!” ਇਸ ਬਹਿਸ ਨੂੰ ਸਾਹਿਤਕ ਰੰਗਤ ਨਾਟ-ਸਮਰਾਟ ਸ਼ੇਕਸਪੀਅਰ ਦੇ ਨਾਟਕ ‘ਰੋਮੀਓ-ਜੂਲੀਅਟ’ ਦੀ ਨਾਇਕਾ ਜੂਲੀਅਟ ਨੇ ਦਿੱਤੀ ਸੀ। ਰੋਮੀਓ ਦੇ ਘਰਾਣੇ ਦਾ ਪਤਾ ਲਗੇ ਤੋਂ ਉਹ ਆਖਦੀ ਹੈ, ”ਕੀ ਫ਼ਰਕ ਪੈਂਦਾ ਹੈ ਜੇ ਰੋਮੀਓ ਸਾਡੇ ਘਰਾਣੇ ਦੇ ਸ਼ਰੀਕ ਘਰਾਣੇ ਮੌਂਟੇਗ ਵਿੱਚੋਂ ਹੈ, ਭਾਵ ਉਹਦੇ ਨਾਂ ਨਾਲ ਮੌਂਟੇਗ ਜੁੜਿਆ ਹੋਇਆ ਹੈ? ਨਾਂ ਵਿੱਚ ਕੀ ਪਿਆ ਹੈ? ਜਿਸ ਨੂੰ ਅਸੀਂ ਗ਼ੁਲਾਬ ਆਖਦੇ ਹਾਂ, ਉਹਦਾ ਨਾਂ ਕੁਝ ਵੀ ਹੋਰ ਰੱਖ ਦੇਈਏ, ਉਹ ਤਦ ਵੀ ਏਨੀ ਹੀ ਮਿੱਠੀ-ਪਿਆਰੀ ਖ਼ੁਸ਼ਬੂ ਦੇਵੇਗਾ!” ਜੂਲੀਅਟ ਤੋਂ ਬਹੁਤ ਮਗਰੋਂ ਅਜੋਕੇ ਕਵੀ ਗ਼ੁਲਜ਼ਾਰ ਨੇ ਇੱਕ ਗੀਤ ”ਨਾਮ ਗ਼ੁੰਮ ਜਾਏਗਾ” ਲਿਖ ਕੇ ਨਾਂ ਵਿੱਚ ਕੁਝ ਹੋਣ ਜਾਂ ਨਾ ਹੋਣ ਦੀ ਬਹਿਸ ਹੀ ਮੁਕਾ ਦਿੱਤੀ। ਗਿਆਨ ਦੇ ਖੇਤਰ ਵਿੱਚ ਅਜਿਹੀਆਂ ਬਹਿਸਾਂ ਕੋਈ ਅਲੋਕਾਰ ਗੱਲ ਨਹੀਂ। ਮੱਧਕਾਲ ਦੇ ਸੰਤ-ਮਹਾਂਕਵੀ ਕਬੀਰ ਜੀ ਵਰਜਦੇ ਹਨ, ਜਾਤ ਨਾ ਪੂਛੋ ਸਾਧ ਕੀ। ਅਜੋਕੇ ਸਮੇਂ ਦੇ ਮਸ਼ਹੂਰ ਨਾਟਕਕਾਰ ਵਿਜੈ ਤੇਂਦੂਲਕਰ ਆਖਦੇ ਹਨ, ਜਾਤ ਹੀ ਪੂਛੋ ਸਾਧ ਕੀ!
ਅਸਲ ਵਿੱਚ ਨਾਂ ਬਾਰੇ ਵੱਡੇ ਲੋਕ, ਮਾਇਆਧਾਰੀ ਲੋਕ, ਸੱਤਾਧਾਰੀ ਲੋਕ, ਜੂਲੀਅਟ ਦੇ ਰੋਮੀਓ ਵਾਂਗ ਘਰਾਣਿਆਂ ਵਾਲੇ ਲੋਕ ਬਹੁਤੇ ਚੌਕਸ ਰਹਿੰਦੇ ਹਨ। ਲੁਧਿਆਣੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਉੱਪ ਮੁੱਖ ਮੰਤਰੀ, ਨੌਜਵਾਨ ਦਿਲਾਂ ਦੀ ਧੜਕਨ ਤੇ ਪੰਜਾਬ ਦੇ ਭਵਿੱਖ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਪ੍ਰੈਸ ਕਾਨਫ਼ਰੰਸ ਸਮੇਂ ਇੱਕ ਪੱਤਰਕਾਰ ਸਵਾਲ ਕਰਦਿਆਂ ‘ਸੁਖਬੀਰ ਜੀ’ ਆਖਣ ਦੀ ਗ਼ੁਸਤਾਖ਼ੀ ਕਰ ਬੈਠਾ। ਸੁਖਬੀਰ ਜੀ ਤਾਂ ਚੁੱਪ ਰਹੇ ਕਿਉਂਕਿ ਵੱਡੇ ਬੰਦੇ ਆਪਣੀਆਂ ਭਾਵਨਾਵਾਂ ਆਪ ਦਸਦੇ ਚੰਗੇ ਨਹੀਂ ਲਗਦੇ। ਉਹਨਾਂ ਨੇ ਅਣਬੋਲੀਆਂ ਭਾਵਨਾਵਾਂ ਸਮਝ ਕੇ ਦੂਜਿਆਂ ਨੂੰ ਦੱਸਣ ਵਾਲੇ ਗੁਣੀ-ਗਿਆਨੀ ਰੱਖੇ ਹੋਏ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਸੀਹਤ ਦਿੱਤੀ ਕਿ ਉਹ ‘ਸੁਖਬੀਰ ਜੀ’ ਨਹੀਂ, ‘ਸੁਖਬੀਰ ਸਰ’ ਆਖੇ। ਉਹਨਾਂ ਦੀ ਅਣਬੋਲੀ ਭਾਵਨਾ ਨੂੰ ਸਮਝ ਕੇ ਉਜਾਗਰ ਕਰਨ ਦੀ ਗਰੇਵਾਲ ਸਰ ਦੀ ਸਮਰੱਥਾ ਦੇਖ ਕੇ ਸੁਖਬੀਰ ਸਰ ਵੀ ਮੁਸਕਰਾ ਪਏ। ਗਰੇਵਾਲ ਸਰ ਨੇ ਇਸ ਨਸੀਹਤ ਦਾ ਆਧਾਰ ਵੀ ਦੱਸਿਆ ਕਿ ‘ਸੁਖਬੀਰ ਜੀ’ ਕਹਿਣਾ ‘ਪਰਸਨਲ’ ਦਾ, ਆਪਣੇਪਨ ਦਾ ਪ੍ਰਭਾਵ ਦਿੰਦਾ ਹੈ। ਮੈਂ ਉਹਨਾਂ ਦੀ ਇਸ ਦਲੀਲ ਨਾਲ ਸੌ ਫ਼ੀਸਦੀ ਸਹਿਮਤ ਹਾਂ। ਸੁਖਬੀਰ ਸਰ ਲੁਧਿਆਣੇ ਵਿੱਚ ਚੱਲ ਰਹੇ ਵਿਕਾਸ ਕਾਰਜਾ੬ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਜੇ ਸਾਡਾ ਸਮਾਜ ਵੱਡੇ ਲੋਕਾਂ ਵਾਸਤੇ ਜੀ ਤੋਂ ਸਰ ਤਕ ਦਾ ਵਿਕਾਸ ਹੀ ਨਹੀਂ ਕਰੇਗਾ, ਹੋਰ ਵਿਕਾਸ ਸੁਆਹ ਹੋਣਾ ਹੈ! ਮੇਰਾ ਖ਼ਿਆਲ ਹੈ, ਇਹ ਪੱਤਰਕਾਰ ਸਾਡੇ ਅਤੀਤ ਤੋਂ ਅਣਜਾਣ ਹੋਵੇਗਾ। ਹੁਣ ਕਾਨੂੰਨ ਬਣ ਰਹੀ ਸਾਡੀ ਪ੍ਰੰਪਰਾ ਨੇ, ਇਤਿਹਾਸ ਬਣ ਰਹੇ ਸਾਡੇ ਮਿਥਿਹਾਸ ਨੇ ਅਤੇ ਸੰਵਿਧਾਨ ਬਣ ਰਹੇ ਸਾਡੇ ਪੁਰਾਤਨ ਗ੍ਰੰਥਾਂ ਨੇ ਰਾਜਾ ਭੋਜ ਤੇ ਗੰਗੂ ਤੇਲੀ ਦੇ ਹਵਾਲੇ ਨਾਲ ਇਹ ਗੱਲ ਬਹੁਤ ਪਹਿਲਾਂ ਤੋਂ ਬਹੁਤ ਚੰਗੀ ਤਰ੍ਹਾਂ ਸਮਝਾਈ ਹੋਈ ਹੈ।
ਹੁਣ ਅਜਿਹੀ ਇੱਕ ਹੋਰ ਬਹਿਸ ਭਖੀ ਹੋਈ ਹੈ। ਕੁਦਰਤ ਦੀ ਖੇਡ ਹੈ, ਕੁਝ ਬੰਦੇ ਕਿਸੇ ਅੰਗ ਦੇ ਪਖੋਂ ਹੀਣੇ ਜੰਮਦੇ ਹਨ ਜਾਂ ਮਗਰੋਂ ਕਿਸੇ ਕਾਰਨ ਕੋਈ ਅੰਗ ਗੁਆ ਬੈਠਦੇ ਹਨ। ਮੁੱਦਤਾਂ ਤੋਂ ਅਸੀਂ ਅਜਿਹੇ ਲੋਕਾਂ ਵਾਸਤੇ ਸ਼ਬਦ ਅੰਗਹੀਣ ਜਾਂ ਹਿੰਦੀ ਵਿੱਚ ਵਿਕਲਾਂਗ ਸੁਣਦੇ-ਵਰਤਦੇ ਆਏ ਹਾਂ। ਭਾਸ਼ਾ ਦੇ ਨਾਂ-ਬਦਲੂ ਪੱਖ ਦੇ ਸ਼ੌਕੀਨ ਤੇ ਗਿਆਨੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਇੱਕ ‘ਮਨ ਕੀ ਬਾਤ’ ਵਿੱਚ ਸਲਾਹ ਦਿੱਤੀ ਕਿ ਨਾਂਹਮੁਖ ਪ੍ਰਭਾਵ ਵਾਲੇ ਵਿਕਲਾਂਗਜਨ ਦੀ ਥਾਂ ਅੰਗਹੀਣਾਂ ਨੂੰ ਹਾਂਮੁਖ ਦਿਵਿਆਂਗਜਨ ਕਿਹਾ ਜਾਵੇ, ਭਾਵ ਦੈਵੀ ਸਮਰਥਾਵਾਂ ਵਾਲੇ ਮਨੁੱਖ, ਕਿਉਂਕਿ ਇਹ ਲੋਕ ”ਵਧੀਕ ਬਲ ਤੇ ਦੈਵੀ ਸ਼ਕਤੀ ਦੇ ਸੁਆਮੀ” ਹੁੰਦੇ ਹਨ! ਕੁਦਰਤੀ ਸੀ ਕਿ ਮੋਦੀ ਜੀ ਦੀ ਇੱਛਾ ਦਾ ਇਸ਼ਾਰਾ ਸਮਝ ਕੇ ਸਰਕਾਰ ਇਕਦਮ ਪੂਰਤੀ ਵਿੱਚ ਜੁਟ ਜਾਂਦੀ। ਭਾਰਤ ਸਰਕਾਰ ਦਾ ਇੱਕ ‘ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ’ ਹੈ ਜਿਸ ਅਧੀਨ ‘ਵਿਕਲਾਂਗਜਨ ਸਸ਼ਕਤੀਕਰਨ ਵਿਭਾਗ’ ਆਉਂਦਾ ਹੈ। ਕੈਬਨਿਟ ਸੈਕਰੇਟੇਰੀਅਟ ਨੇ ਚੁਸਤੀ-ਫ਼ੁਰਤੀ ਦਿਖਾਉਂਦਿਆਂ, ਅੰਗਹੀਣਾਂ ਦੇ ਅਧਿਕਾਰਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ, ਉਹਦਾ ਨਾਂ ਬਦਲ ਕੇ ‘ਦਿਵਿਆਂਗਜਨ ਸਸ਼ਕਤੀਕਰਨ ਵਿਭਾਗ’ ਕਰ ਦਿੱਤਾ। ਏਨਾ ਹੀ ਨਹੀਂ, ਵਿਭਾਗ ਦੇ ਮੂਲ ਅੰਗਰੇਜ਼ੀ ਨਾਂ ਨਾਲ ਵੀ ਬਰੈਕਟ ਵਿੱਚ ਸ਼ਬਦ ‘ਦਿਵਿਆਂਗਜਨ’ ਜੋੜ ਦਿੱਤਾ ਗਿਆ ਤਾਂ ਜੋ ”ਸਨਦ ਰਹੇ ਔਰ ਬਾਵਕਤ ਜ਼ਰੂਰਤ ਕਾਮ ਆਏ!”
ਅੰਗਹੀਣਾਂ ਦੀ ਸਹਾਇਕ, ਖ਼ੁਦ ਪੋਲੀਓ-ਪੀੜਤ ਆਭਾ ਖੇਤਰਪਾਲ ਨੇ ਸੂਚਨਾ ਅਧਿਕਾਰ ਅਧੀਨ ਮੰਤਰਾਲੇ ਨੂੰ ਇਸ ਤਬਦੀਲੀ ਸੰਬੰਧੀ ਕੀਤੇ ਗਏ ਸਲਾਹ-ਮਸ਼ਵਰੇ ਬਾਰੇ ਪੁੱਛਿਆ। ਮੰਤਰਾਲੇ ਨੇ ਅੰਗਹੀਣਾਂ ਲਈ ਕੰਮ ਕਰ ਰਹੀਆਂ ਕੁਝ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨੇਤਰਹੀਣਾਂ, ਬੋਲ਼ਿਆਂ, ਮਾਨਸਿਕ ਰੋਗੀਆਂ ਤੇ ਹੋਰ ਅੰਗਹੀਣਤਾਵਾਂ ਨਾਲ ਸੰਬੰਧਿਤ ਛੇ ਸੰਸਥਾਵਾਂ ਦੀ ਸੂਚੀ ਦੇ ਦਿੱਤੀ। ਉਹਨਾਂ ਛੇ ਦੀਆਂ ਛੇ ਸੰਸਥਾਵਾਂ ਨੇ ਮੰਤਰਾਲੇ ਦੇ ਕਿਸੇ ਵੀ ਚਿੱਠੀ-ਪੱਤਰ ਤੋਂ ਜਾਂ ਸਲਾਹ-ਮਸ਼ਵਰੇ ਦੇ ਹੋਰ ਕਿਸੇ ਵੀ ਕਦਮ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਦੇਸ ਭਰ ਵਿੱਚੋਂ ਅਨੇਕ ਸੰਸਥਾਵਾਂ ਨੇ ਮੰਤਰਾਲੇ ਨੂੰ ਇਹ ‘ਸਰਪਰਸਤਾਨਾ’ ਨਾਂ ਰਖੇ ਜਾਣ ਵਿਰੁੱਧ ਲਿਖਤੀ ਰੋਸ ਭੇਜਿਆ। ਚੇਤੇ ਰਹੇ, ਸੰਯੁਕਤ ਰਾਸ਼ਟਰ ਨੇ ਅਨੇਕ ਦੇਸਾਂ ਨਾਲ ਸਲਾਹ-ਮਸ਼ਵਰੇ ਮਗਰੋਂ ‘ਸਰੀਰਕ ਅਸਮਰਥਾ ਵਾਲਾ ਵਿਅਕਤੀ’ ਕਹਿਣਾ ਠੀਕ ਸਮਝਿਆ ਸੀ। ਸੰਸਥਾਵਾਂ ਦਾ ਕਹਿਣਾ ਹੈ ਕਿ ਸਰੀਰਕ ਅਸਮਰਥਾਵਾਂ ਵਾਲੇ ਵਿਅਕਤੀਆਂ ਵਾਸਤੇ ਸ਼ਬਦ ਦਿਵਿਆਂਗ ਬੇਮਾਅਨੀ ਤੇ ਥੋਥਾ ਹੈ ਕਿਉਂਕਿ ਇਸ ਨਾਲ ਉਹਨਾਂ ਵੱਲ ਰਵਈਏ ਵਿੱਚ ਉੱਕਾ ਹੀ ਕੋਈ ਫ਼ਰਕ ਨਹੀਂ ਆਉਂਦਾ। ‘ਨੈਸ਼ਨਲ ਐਸੋਸੀਏਸ਼ਨ ਔਫ਼ ਦਾ ਡੈੱਫ਼’ ਦੇ ਸਕੱਤਰ ਏ. ਐੱਸ. ਨਾਰਾਇਨਣ ਦੀ ਦਲੀਲ ਹੈ, ”ਜੇ ਅੰਗਹੀਣਾਂ ਨੂੰ ਤਰਸ ਦੇ ਪਾਤਰ ਸਮਝਣਾ ਤੇ ਹਾਸ਼ੀਏ ਤੋਂ ਬਾਹਰ ਰੱਖਣਾ ਜਾਰੀ ਰਹਿੰਦਾ ਹੈ, ਅਖੌਤੀ ਹਾਂਮੁਖ ਸ਼ਬਦਾਂ ਦਾ ਕੋਈ ਅਰਥ ਨਹੀਂ। … ਇਹ ਮੰਨੋ ਕਿ ਅਸੀਂ ਅੰਗਹੀਣ ਹਾਂ!” ਇਸ ਖੇਤਰ ਦੇ ਸਮਾਜ-ਸੇਵਕ ਡਾ. ਸਤੇਂਦਰ ਸਿੰਘ ਦਾ ਵਿਚਾਰ ਹੈ ਕਿ ਗਾਂਧੀ ਜੀ ਨੇ ਜਦੋਂ ‘ਹਰੀਜਨ’ ਕਹਿਣਾ ਸ਼ੁਰੂ ਕੀਤਾ, ਸੰਬੰਧਿਤ ਭਾਈਚਾਰੇ ਨੇ ਉਸ ਸ਼ਬਦ ਨੂੰ ਅਸਲੀਅਤ ਦੇ ਉਲਟ ਤੇ ਅਰਥਹੀਣ ਆਖ ਕੇ ਰੱਦ ਕਰ ਦਿੱਤਾ। ਉਹਨੇ ਇਹ ਨੁਕਤਾ ਵੀ ਸਪੱਸ਼ਟ ਕੀਤਾ ਕਿ ਭਾਰਤ ‘ਸ਼ਰੀਰਕ ਅਸਮਰਥਾਵਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਦੀ ਸੰਯੁਕਤ ਰਾਸ਼ਟਰ ਕਨਵੈਨਸ਼ਨ’ ਦੇ ਮੋਢੀ ਦਸਖ਼ਤੀਆਂ ਵਿੱਚੋਂ ਹੋਣ ਸਦਕਾ ਇਸ ਨਾਂ ਦਾ ਪਾਬੰਦ ਹੈ।
ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਦਾ ਉਪਦੇਸ਼ ਹੈ, ”ਭਾਰਤ ਵਿੱਚ ਅਜਿਹੇ ਲੋਕਾਂ ਨੂੰ ਐਨ ਸ਼ੁਰੂ ਤੋਂ ਹੀ ਦਿਵਿਆਂਗ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਸ਼ਰੀਰ ਵਿਸ਼ੇਸ਼ ਹੁੰਦੇ ਹਨ। ਸਾਡੇ ਸਭਿਆਚਾਰ ਵਿੱਚ ਅੱਠ ਹੀਣਤਾਵਾਂ ਵਾਲੇ ਰਿਸ਼ੀ ਅਸ਼ਟਵਕਰ ਤੇ ਨੇਤਰਹੀਣ ਗਾਇਕ ਸੂਰਦਾਸ ਵਰਗੇ ਅਨੇਕ ਗੁਣਵੰਤ ਲੋਕ ਹੋਏ ਹਨ।”
ਗੱਲ ‘ਬੁਰੇ’ ਵਿਕਲਾਂਗ ਦੀ ਥਾਂ ‘ਚੰਗਾ’ ਦਿਵਿਆਂਗ ਲਿਆਉਣ ਦੀ ਨਹੀਂ, ਅਸਲ ਸਮੱਸਿਆ ਇਹ ਹੈ ਕਿ ਮੰਤਰਾਲਿਆਂ ਨੇ ਸਭ ‘ਬੁਰੇ’ ਸ਼ਬਦਾਂ ਦੀ ਥਾਂ ‘ਚੰਗੇ’ ਸ਼ਬਦ ਲੱਭਣ ਵਾਸਤੇ ‘ਵਿਪਰੀਤਾਰਥੀ ਸ਼ਬਦਕੋਸ਼’ ਵਾਚਣੇ ਸ਼ੁਰੂ ਕੀਤੇ ਹੋਏ ਹਨ। ਮੁਸਲਮਾਨ ਭਾਈਚਾਰੇ ਨੂੰ ਚੰਗੇ ਤੇ ਬੁਰੇ ਮੁਸਲਮਾਨਾਂ ਦੇ ਦੋ ਖਾਨਿਆਂ ਵਿੱਚ ਵੰਡਣ ਲਈ ਬੁਰੇ ਮੁਸਲਮਾਨ ਔਰੰਗ਼ਜ਼ੇਬ ਦੇ ਨਾਂ ਵਾਲੀ ਸੜਕ ਨੂੰ ਚੰਗੇ ਮੁਸਲਮਾਨ ਸਵਰਗੀ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਨਾਂ ਦੇ ਦਿੱਤਾ ਗਿਆ ਹੈ। ਦੋ ਜਨਮ-ਤਾਰੀਖ਼ਾਂ ਵਾਲੇ ਸੈਨਾਪਤੀ ਤੋਂ ਸੰਘ-ਭਗਤ ਮੰਤਰੀ ਬਣੇ ਵੀ. ਕੇ. ਸਿੰਘ ਦੀ ਭਾਰਤੀ ਧਰਮਾਂ ਨੂੰ ਬੁਰਿਆਂ ਤੇ ਚੰਗਿਆਂ ਵਿੱਚ ਵੰਡਣ ਦੀ ਸ਼ੁਰਲੀ ਚੱਲ ਨਿਕਲੀ। ਹੁਣ ਦਿੱਲੀ ਦੀ ਸੜਕ ਤੋਂ ਤੇ ਅੰਤ ਨੂੰ ਇਤਿਹਾਸ ਵਿੱਚੋਂ ਬੁਰੇ ਧਰਮ ਦੇ ਅਕਬਰ ਦਾ ਨਾਂ ਮੇਸ ਕੇ ਚੰਗੇ ਧਰਮ ਦੇ ਰਾਣਾ ਪਰਤਾਪ ਦਾ ਨਾਂ ਲਿਖੇ ਜਾਣ ਦੀ ਜ਼ੋਰਦਾਰ ਮੰਗ ਹੋ ਰਹੀ ਹੈ। ਪੁਰਾਣੇ ਬਾਦਸ਼ਾਹਾਂ ਦੇ ਨਾਂਵਾਂ ਨਾਲ ਕੁਝ ਕੌਮਾਂਤਰੀ ਗਿਣਤੀਆਂ-ਮਿਣਤੀਆਂ ਦੇ ਆਧਾਰ ਉੱਤੇ ਲਾਏ ਜਾਂਦੇ ਵਿਸ਼ੇਸ਼ਣ ‘ਮਹਾਨ’ ਨੂੰ ਤਾਂ ਇਤਿਹਾਸ ਦੀਆਂ ਪੁਸਤਕਾਂ ਵਿੱਚੋਂ ਅਕਬਰ ਦੇ ਨਾਂ ਨਾਲੋਂ ਲਾਹ ਕੇ ਰਾਣਾ ਪਰਤਾਪ ਦੇ ਨਾਂ ਨਾਲ ਚੇਪ ਵੀ ਦਿੱਤਾ ਗਿਆ ਹੈ।
‘ਹਮਲਾਵਰ’ ਸ਼ਬਦ ਨੂੰ ਵੀ ਨਵੇਂ ਅਰਥ ਦਿੱਤੇ ਜਾ ਰਹੇ ਹਨ। ਪਿੱਛਾ ਪੂਰੀ ਤਰ੍ਹਾਂ ਤਿਆਗ ਕੇ ਤਾਂ ਹਮਲਾਵਰ ਬਾਬਰ ਨੇ ਹੀ ਹਿੰਦੁਸਤਾਨ ਨੂੰ ਆਪਣਾ ਦੇਸ਼ ਬਣਾ ਲਿਆ ਸੀ, ਪਰ ਹੁਣ ਤਿੰਨ ਪੀੜ੍ਹੀਆਂ ਪਾਰ ਕਰ ਚੁੱਕਿਆ ਅਕਬਰ ਤਾਂ ਕੀ, ਛੇ ਪੀੜ੍ਹੀਆਂ ਪਾਰ ਕਰਨ ਵਾਲਾ ਔਰੰਗ਼ਜ਼ੇਬ ਵੀ ਹਮਲਾਵਰ ਹੀ ਹੋ ਗਿਆ ਹੈ। ਕੀ ਹੁਣ ਇਤਿਹਾਸ ਦੀਆਂ ਪੁਸਤਕਾਂ ਵਿੱਚ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਰਾਜ ਵਾਲ਼ੀਆਂ ਸਦੀਆਂ ਬਾਰੇ ਇਹ ਪੜ੍ਹਾਇਆ ਜਾਵੇਗਾ ਕਿ ਉਸ ਸਮੇਂ ਭਾਰਤ ਖ਼ਾਲੀ ਗੱਦੀ ਨਾਲ ਬੇਰਾਜਾ ਹੀ ਹੁੰਦਾ ਸੀ? ਅੱਠਵੀਂ ਜਮਾਤ ਦੀ ਪਾਠ-ਪੁਸਤਕ ਵਿੱਚੋਂ ਨਹਿਰੂ ਦਾ ਨਾਂ ਸੁਤੰਤਰਤਾ-ਸੰਗਰਾਮੀਏ ਵਜੋਂ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਵਜੋਂ ਵੀ ਮੇਸਦਿਆਂ 1947 ਤੋਂ 1964 ਦਾ ਸਮਾਂ ਪ੍ਰਧਾਨ ਮੰਤਰੀ ਤੋਂ ਵਿਰਵਾ ਰੱਖ ਕੇ ਅਤੇ ਇਉਂ 1964 ਵਿੱਚ ਬਣੇ ਸ਼ਾਸਤਰੀ ਜੀ ਨੂੰ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਕੇ ਰਾਹ ਤਾਂ ਦਿਖਾ ਹੀ ਦਿੱਤਾ ਗਿਆ ਹੈ। ਦਿੱਲੀ ਵਿੱਚ ਅਕਬਰ ਰੋਡ ਮੇਸ ਕੇ ਰਾਣਾ ਪਰਤਾਪ ਰੋਡ ਲਿਖਣਾ ਕੋਈ ਔਖਾ ਨਹੀਂ। ਬੱਸ ਇੱਕ ਡੱਬੀ ਰੰਗ ਤੇ ਇੱਕ ਬੁਰਸ਼ ਚਾਹੀਦਾ ਹੈ। ਹੋਰ ‘ਹਮਲਾਵਰਾਂ’ ਦੇ ਸੜਕੀ ਨਾਂ ਵੀ ਉਸੇ ਡੱਬੀ-ਬੁਰਸ਼ ਨਾਲ ਬਦਲੇ ਜਾ ਸਕਦੇ ਹਨ। ਪਰ ਕਈ ਛੋਟੀਆਂ ਛੋਟੀਆਂ ਹੋਰ ਸਮੱਸਿਆਵਾਂ ਹਨ।
ਇੱਕ ਤਾਂ ਅਕਬਰ ਬੜਾ ਚਤੁਰ-ਚਲਾਕ ਸੀ। ਉਹ ਹਿੰਦੂ-ਮੁਸਲਮਾਨ ਵਿੱਚ ਕੋਈ ਫ਼ਰਕ ਨਹੀਂ ਸੀ ਕਰਦਾ। ਉਹਨੇ ਹਿੰਦੂ ਰਾਜਪੂਤ ਜੋਧਾਬਾਈ ਨਾਲ ਵਿਆਹ ਤਾਂ ਕਰਵਾਇਆ ਹੀ, ਕੱਟੜਤਾ ਦੇ ਉਸ ਜ਼ਮਾਨੇ ਵਿੱਚ ਉਹਨੂੰ ਹਿੰਦੂ ਤੋਂ ਮੁਸਲਮਾਨ ਬਣਨ ਲਈ ਵੀ ਨਹੀਂ ਕਿਹਾ। ਉਹ ਮਹਾਰਾਣੀ ਜੋਧਾਬਾਈ ਨੂੰ ਰਾਜ-ਮਹਿਲ ਵਿੱਚ ਹਿੰਦੂ ਤਿਓਹਾਰ ਸਿਰਫ਼ ਮਨਾਉਣ ਹੀ ਨਹੀਂ ਸੀ ਦਿੰਦਾ ਸਗੋਂ ਆਪ ਵੀ ਬੜੇ ਉਤਸਾਹ ਨਾਲ ਉਹਨਾਂ ਵਿੱਚ ਸ਼ਾਮਲ ਹੁੰਦਾ ਸੀ। ਉਹਨੇ ਰਾਜ-ਗੱਦੀ ਵੀ ਜੋਧਾਬਾਈ ਦੀ ਕੁੱਖੋਂ ਜੰਮੇ ਸਲੀਮ ਨੂੰ ਹੀ ਦਿੱਤੀ ਅਤੇ ਅਨੇਕ ਹਿੰਦੂ ਵੱਡੇ ਵੱਡੇ ਅਹੁਦਿਆਂ ਉੱਤੇ ਲਾਏ। ਰਾਣਾ ਪਰਤਾਪ ਨੂੰ ਹਰਾਉਣ ਵਾਲ਼ੀ ਉਹਦੀ ਫ਼ੌਜ ਦਾ ਸਿਪਾਹਸਾਲਾਰ ਵੀ ਇੱਕ ਰਾਜਪੂਤ, ਰਾਜਾ ਮਾਨ ਸਿੰਘ ਸੀ। ਦਿੱਲੀ ਵਿੱਚ ਉਹਦੇ ਨਾਂ ਦੀ ਵੀ ਇੱਕ ਸੜਕ ਹੈ। ਇਹੋ ਨਹੀਂ, ਟੋਡਰ ਮੱਲ, ਬੀਰਬਲ ਤੇ ਭਗਵਾਨ ਦਾਸ ਜਿਹੇ ਉਹਦੇ ਅਹਿਲਕਾਰਾਂ ਦੇ ਨਾਂਵਾਂ ਦੀਆਂ ਵੀ ਸੜਕਾਂ ਹਨ। ਹਮਲਾਵਰ ਅਕਬਰ ਦੇ ਚਾਕਰ ਹੋਣ ਕਾਰਨ ਇਹ ਸਭ ਹਿੰਦੂ ਮਹਾਂਪੁਰਸ਼ ਵੀ ਗ਼ਦਾਰ ਹੋਏ। ਸੜਕਾਂ ਤੋਂ ਇਹਨਾਂ ਸਭਨਾਂ ਦੇ ਨਾਂ ਵੀ ਬਦਲਣੇ ਪੈਣਗੇ। ਫ਼ੇਰ ਮਸਲਾ ਇਕੱਲੀ ਦਿੱਲੀ ਦਾ ਨਹੀਂ। ਜੇ 181 ਸਾਲ ਰਾਜ ਕਰਨ ਵਾਲੇ ਸਿਰਫ਼ ਛੇ ਵੱਡੇ ਮੁਗ਼ਲਾਂ ਨੂੰ ਹੀ ਲਈਏ, ਦੇਸ ਵਿੱਚ 704 ਪਿੰਡ-ਸ਼ਹਿਰ ਉਹਨਾਂ ਦੇ ਨਾਂ ਵਾਲੇ ਹਨ। ਇਹਨਾਂ ਵਿੱਚੋਂ 396 ਅਜਿਹੇ ਹਨ ਜਿਨ੍ਹਾਂ ਦੀ ਵਸੋਂ ਇੱਕ ਲੱਖ ਤੋਂ ਵੱਧ ਹੈ। ਇਹਨਾਂ 704 ਵਿੱਚੋਂ ਬਾਬਰ ਦੇ ਨਾਂ ਵਾਲੇ 61, ਹਮਾਯੂੰ ਦੇ 11, ਅਕਬਰ ਦੇ 251, ਜਹਾਂਗੀਰ ਦੇ 141, ਸ਼ਾਹ ਜਹਾਨ ਦੇ 63 ਅਤੇ ਔਰੰਗ਼ਜ਼ੇਬ ਦੇ ਨਾਂ ਵਾਲੇ 177 ਪਿੰਡ-ਸ਼ਹਿਰ ਹਨ। ਬਾਰਾਂ ਤਾਂ ਮੋਦੀ ਜੀ ਦੇ ਗੁਜਰਾਤ ਵਿੱਚ ਹੀ ਹਨ। ਸਤਾਈ ਆਪਣੇ ਪੰਜਾਬ ਵਿੱਚ ਅਤੇ ਅਠੱਤੀ ਆਪਣੇ ਗੁਆਂਢੀ ਹਰਿਆਣੇ ਵਿੱਚ ਹਨ।
ਦੂਜੀ ਗੱਲ, ਕੋਈ ਨਾਂ ਬਦਲੇ ਜਾਣ ਸਮੇਂ ਆਮ ਲੋਕ ਵੀ ਪੋਥੀਆਂ ਫ਼ਰੋਲਣ ਲਗਦੇ ਹਨ। ਹੁਣ ਵੱਡਾ ਆਧੁਨਿਕ ਸ਼ਹਿਰ ਬਣ ਚੁੱਕੇ ਗੁੜਗਾਉਂ ਦਾ ਇਹ ਨਾਂ ਕਿਸੇ ਸਮੇਂ ਗੁੜ ਪੈਦਾ ਕਰਨ ਵਾਲੇ ਪਿੰਡਾਂ ਦਾ ਕੇਂਦਰ ਹੋਣ ਸਦਕਾ ਪਿਆ ਸੀ। ਪਿਛਲੇ ਦਿਨੀਂ ਇਹ ਇਤਿਹਾਸਕ ਤੇ ਅਰਥਪੂਰਨ ਨਾਂ ਇਹ ਆਖ ਕੇ ਗੁਰੂਗ੍ਰਾਮ ਕਰ ਦਿੱਤਾ ਗਿਆ ਕਿ ਮਹਾਂਭਾਰਤ ਕਾਲ ਵਿੱਚ ਇਹ ਗੁਰੂ ਦਰੋਣਾਚਾਰੀਆ ਦਾ ਗ੍ਰਾਮ ਹੁੰਦਾ ਸੀ। ਲੋਕ ਕਹਿੰਦੇ, ਇੱਕ ਤਾਂ ਸਾਡੇ ਹਰਿਆਣੇ ਵਿੱਚ ਗ੍ਰਾਮ ਸ਼ਬਦ ਹੀ ਨਹੀਂ ਹੁੰਦਾ, ਗਾਉਂ ਹੁੰਦਾ ਹੈ। ਪਰ ਜੇ ਗੁੜਗਾਉਂ ਦਾ ਨਾਂ ਮਹਾਂਭਾਰਤ ਦੇ ਹਵਾਲੇ ਨਾਲ ਹੀ ਬਦਲਣਾ ਹੈ ਤਾਂ ਜ਼ਾਤਪਾਤੀ ਭੇਦਭਾਵ ਕਰਨ ਵਾਲੇ ਗੁਰੂ ਦੀ ਥਾਂ ਉਹਦੇ ਅਨਿਆਂ ਤੇ ਅੱਤਿਆਚਾਰ ਦਾ ਸ਼ਿਕਾਰ ਹੋਏ ਆਦਿਵਾਸੀ ਸ਼ਿਸ਼ ਦੀ ਯਾਦ ਵਿੱਚ ਏਕਲੱਵਿਆਗ੍ਰਾਮ ਰੱਖਿਆ ਜਾਣਾ ਚਾਹੀਦਾ ਹੈ।
ਆਖ਼ਰੀ ਗੱਲ, ਪੰਜਾਬ ਦੇ ਮਸੌਲ ਅਤੇ ਦੇਸ਼ ਵਿੱਚ ਹੋਰ ਕਈ ਥਾਂਈਂ ਹੋ ਰਹੀ ਖੁਦਾਈ ਇਸ ਭੂਗੋਲਿਕ ਖੇਤਰ ਦੇ ਮਨੁੱਖੀ ਵਸੇਬੇ ਦੇ ਇਤਿਹਾਸ ਨੂੰ ਬਹੁਤ ਪਿੱਛੇ, ਹਜ਼ਾਰਾਂ ਸਾਲ ਪਿੱਛੇ ਲਿਜਾ ਰਹੀ ਹੈ। ਭਗਵਾਨ ਨਾ ਕਰੇ, ਜੇ ਭਲਕੇ ਇਹ ਸਿੱਧ ਹੋ ਜਾਵੇ ਕਿ ਇਥੇ ਤਾਂ ਉਸ ਸਮੇਂ ਭੀਲ, ਗੱਦੀ, ਭੋਤ, ਗੁੱਜਰ, ਮੁੰਡੇ, ਕੋਲ, ਆਦਿ ਵਸਦੇ ਸਨ, ਆਰੀਏ ਤਾਂ ਬਹੁਤ ਮਗਰੋਂ ਕਿਤੋਂ ਬਾਹਰੋਂ ਆ ਟਪਕੇ ਅਤੇ ਉਹਨਾਂ ਮੂਲਵਾਸੀਆਂ ਦੇ ਘਰ-ਕੁੱਲੇ ਅਤੇ ਜੰਗਲ-ਬੇਲੇ ਸਾੜ-ਫ਼:ੂਕ ਕੇ ਚੌਧਰੀ ਬਣ ਬੈਠੇ! ਉਸ ਸੂਰਤ ਵਿੱਚ ਅਸੀਂ ਜੋ ਸਭ ਆਰੀਆਂ ਦੀ ਮਿੱਸੀ ਔਲਾਦ ਹਾਂ, ਆਰੀਆਂ ਦੇ ਬਾਹਰੋਂ ਆਏ ਹੋਣ ਦੇ ਸਿਧਾਂਤ ਦਾ ਜਿਉਂਦਾ-ਜਾਗਦਾ ਸਬੂਤ ਬਣ ਜਾਵਾਂਗੇ। ਇਸ ਨਾਲ ‘ਭਗਤਾਂ’ ਦਾ ਭਾਰਤ ਦੇ ਮੂਲਵਾਸੀ ਹੋਣ ਦਾ ਸਾਰਾ ਅਡੰਬਰ ਢਹਿ ਕੇ ਢੇਰੀ ਹੋ ਜਾਵੇਗਾ!
ਇਹਨਾਂ ਸਭ ਗੱਲਾਂ ਨੂੰ ਦੇਖਦਿਆਂ ਮੈਂ ਨਾਂ ਬਾਰੇ ਜੂਲੀਅਟ ਦੀ ਭਖਾਈ ਬਹਿਸ ਦਾ ਨਿਬੇੜਾ ਇੱਕ ਅੰਗਹੀਣ ਮਿੱਤਰ ਤੋਂ ਕਰਾਉਣਾ ਹੀ ਠੀਕ ਸਮਝਿਆ। ਫ਼ੋਨ ਮਿਲਾ ਕੇ ਮੈਂ ਪੁਛਿਆ, ”ਵਿਕਲਾਂਗ ਭਾਈ, ਦਿਵਿਆਂਗੀ ਸੰਜੀਵਨੀ ਪੀਤੀ ਤੋਂ ਕੁਝ ਫ਼ਾਇਦਾ ਹੋਇਆ?” ਉਹ ਅਕੇਵੇਂ ਨਾਲ ਬੋਲਿਆ, ”ਸੰਜੀਵਨੀ ਦੇ ਫ਼ਾਇਦੇ ਦਾ ਤਾਂ ਪਤਾ ਨਹੀਂ, ਜੀਭ ਉੱਤੇ ਮਿਰਚਾਂ ਜ਼ਰੂਰ ਲੜੀਆਂ!” ਮੇਰੇ ਮੂੰਹੋਂ ਸੁਤੇਸਿੱਧ ਹੀ ਦੱਬੇ ਮੁਰਦੇ ਪੁੱਟਣ ਵਾਲਿਆਂ ਵਾਸਤੇ ਅਰਦਾਸ ਨਿਕਲਣ ਲਗੀ, ”ਸਭ ਕੋ ਸਨਮਤੀ ਦੇ ਭਗਵਾਨ!” ਅਚਾਨਕ ਮੇਰੇ ਮਨ ਵਿੱਚ ਇੱਕ ਸ਼ੰਕਾ ਜਿਹਾ, ਇੱਕ ਭੈ ਜਿਹਾ ਜਾਗਿਆ। ਮਾਮਲਾ ਇਹ ਹੈ ਕਿ ਕਿਸੇ ਸੰਸਕਾਰੀ ਹਿੰਦੂ ਦਾ ਲਿਖਿਆ ਸਮਝਣ ਵਾਲੇ ਬਹੁਤੇ ਲੋਕਾਂ ਦੀ ਸੋਚ ਦੇ ਉਲਟ ਭਗਵਾਨ ਦੀ ਮਹਿਮਾ ਨਾਲ ਸਾਗਰ-ਛਲਕਦਾ ਇਹ ਭਜਨ 1970 ਦੀ ਫ਼ਿਲਮ ‘ਨਯਾ ਰਾਸਤਾ’ ਵਾਸਤੇ ਤਿੰਨ ਅਜਿਹੇ ਮਹਾਨ ਮਨੁੱਖਾਂ ਦੀ ਸਾਂਝੀ ਸਾਧਨਾ ਦਾ ਫ਼ਲ ਹੈ ਜੋ ਉਸ ਸਮੇਂ ਤਾਂ ਮਾਣ-ਮੱਤੇ ਹਿੰਦੁਸਤਾਨੀ ਸਨ ਪਰ ਅੱਜ ਦੀ ਨਵੀਂ ਭਾਸ਼ਾ ਤੇ ਸ਼ਬਦਾਵਲੀ ਅਨੁਸਾਰ ਪਾਕਿਸਤਾਨ ਭੇਜੇ ਜਾਣ ਦੇ ਹੱਕਦਾਰ ਮਹਿਜ਼ ਮੁਸਲਮਾਨ ਹਨ, ਲੇਖਕ ਸਾਹਿਰ, ਗਾਇਕ ਮੁਹੰਮਦ ਰਫ਼ੀ ਤੇ ਫ਼ਿਲਮ-ਨਿਰਦੇਸ਼ਕ ਖ਼ਾਲਿਦ ਅਖ਼ਤਰ! ਇਸ ਤੋਂ ਵੀ ਮਾੜੀ ਗੱਲ, ਇਸ ਅਰਦਾਸ ਵਿੱਚ ਅੱਲ੍ਹਾ ਨੂੰ ਈਸ਼ਵਰ ਦੇ ਬਰਾਬਰ ਰਖਿਆ ਗਿਆ ਹੈ, ”ਈਸ਼ਵਰ ਅੱਲ੍ਹਾ ਤੇਰੇ ਨਾਮ, ਸਭ ਕੋ ਸਨਮਤੀ ਦੇ ਭਗਵਾਨ!” ਮੈਂ ਇਕਦਮ ਸਾਵਧਾਨ ਹੋ ਗਿਆ ਅਤੇ ਸੋਚ ਸੋਚ ਕੇ ਅੰਤ ਨੂੰ ਮੈਂ ਇਹ ਭਜਨ ਗਾਉਣਾ ਛੱਡ ਕੇ ਉਹੋ ਪੁਰਾਣੀ ਕਾਮਨਾ ਕੀਤੀ,”ਸ਼੍ਰੀ ਰਾਮ ਜੀ ਭਲੀ ਕਰਨ!”                                          (0091-1142502364)

ਏ ਵੀ ਦੇਖੋ

ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ!

ਗੁਰਬਚਨ ਸਿੰਘ ਭੁੱਲਰ ਜਨਮ ਤੋਂ ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿੱਚ ਹੋਈ ਜਿਸ ਵਿੱਚ ਵਹਿਮ-ਭਰਮ, ਸ਼ਗਨ-ਬਦਸ਼ਗਨ …

Leave a Reply

Your email address will not be published.