harsimrat-kaur-badal
ਜਲੰਧਰ- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲਣ ‘ਚ ਹੋ ਰਹੀ ਦੇਰੀ ਦਾ ਮੁੱਦਾ ਚੁੱਕਿਆ। ਇਸ ਵਫ਼ਦ ‘ਚ ਸ਼ਾਮਿਲ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਵਿਖੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਦਿੱਲੀ ਵਿਖੇ ਪੀੜਤਾਂ ਨੂੰ ਇਨਸਾਫ਼ ਮਿਲਣ ਤੋਂ ਰੋਕਣ ਵਾਸਤੇ ਸੀ. ਬੀ. ਆਈ. ਅਤੇ ਦਿੱਲੀ ਪੁਲਸ ‘ਤੇ ਸਿੱਖਾਂ ਨੂੰ ਖੱਜਲ-ਖੁਆਰ ਕਰਨ ਦਾ ਵੀ ਦੋਸ਼ ਲਗਾਇਆ ।
ਵਫਦ ਨੇ 1992 ‘ਚ ਨਾਂਗਲੋਈ ਥਾਣੇ ‘ਚ ਸੱਜਣ ਕੁਮਾਰ ਦੇ ਖਿਲਾਫ਼ 1984 ਸਿੱਖ ਕਤਲੇਆਮ ਦੀ ਦਰਜ ਹੋਈ ਐੱਫ਼. ਆਈ. ਆਰ. ਤੇ ਦਿੱਲੀ ਪੁਲਸ ਵੱਲੋਂ 23 ਸਾਲ ਬਾਅਦ ਵੀ ਚਾਰਜਸ਼ੀਟ ਨਾ ਦਾਖਲ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਸੰਬੰਧ ‘ਚ ਗ੍ਰਹਿ ਮੰਤਰੀ ਨੂੰ ਕਮੇਟੀ ਵੱਲੋਂ ਦੋ ਵਰ੍ਹੇ ਪਹਿਲਾਂ ਦਿੱਤੇ ਜਾ ਚੁੱਕੇ ਮੰਗ ਪੱਤਰਾਂ ਦਾ ਵੀ ਚੇਤਾ ਕਰਵਾਇਆ। ਵਫਦ ਵੱਲੋਂ ਸੀ. ਬੀ. ਆਈ. ਦੀ ਭੂਮਿਕਾ ਨੂੰ ਕਾਤਲਪੱਖੀ ਦੱਸਦੇ ਹੋਏ ਕਾਂਗਰਸ ਸਰਕਾਰ ਜਾਣ ਦੇ ਬਾਵਜੂਦ ਅਫਸਰਸ਼ਾਹੀ ਦਾ ਪੁਰਾਣਾ ਰਵੱਈਆ ਕਾਇਮ ਹੋਣ ਦਾ ਵੀ ਦੋਸ਼ ਲਗਾਇਆ।  ਵਫਦ ਨੇ ਕੇਂਦਰ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਧੰਨਵਾਦ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਲੱਗਭਗ 2500 ਪੀੜਤਾਂ ਦੀ ਥਾਂ ‘ਤੇ ਹੁਣ ਤਕ 1300 ਲੋਕਾਂ ਨੂੰ ਚੈੱਕ ਮਿਲਣ ਦੀ ਸਾਹਮਣੇ ਆ ਰਹੀ ਜਾਣਕਾਰੀ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਐੱਸ.ਆਈ.ਟੀ. ਨੂੰ ਦਿੱਲੀ ਸਰਕਾਰ ਵੱਲੋਂ ਕੋਈ ਸਹਿਯੋਗ ਨਾ ਦੇਣ ਕਰਕੇ ਦਿੱਲੀ ਸਰਕਾਰ ਤੋਂ ਜਵਾਬਤਲਬੀ ਕਰਨ ਦੀ ਮੰਗ ਕੀਤੀ, ਜਿਸ ਦੇ ਜਵਾਬ ‘ਚ ਗ੍ਰਹਿ ਮੰਤਰੀ ਵੱਲੋਂ ਦਿੱਲੀ ਪੁਲਸ ਅਤੇ ਸੀ. ਬੀ.ਆਈ. ਦੀ ਖਿਚਾਈ ਕਰਨ ਦਾ ਭਰੋਸਾ ਦਿੰਦੇ ਹੋਏ ਦਿੱਲੀ ਸਰਕਾਰ ਨੂੰ ਮੁਆਵਜ਼ੇ ਦੀ ਮਦ ‘ਚ ਪੂਰੀ ਰਕਮ ਦਿੱਲੀ ਸਰਕਾਰ ਨੂੰ ਦੇਣ ਦਾ ਦਾਅਵਾ ਕੀਤਾ ਗਿਆ । ਬੀਬੀ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਸਾਂਝ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰੀ ਨੂੰ ਸਿੱਖਾਂ ਨੂੰ ਇਨਸਾਫ ਦਿਵਾਉਣ ਪ੍ਰਤੀ ਗੰਭੀਰ ਹੋਣ ਦੀ ਵੀ ਅਪੀਲ ਕੀਤੀ ਗਈ । ਜੀ. ਕੇ. ਨੇ ਕਿਹਾ ਕਿ ਅਕਾਲੀ ਦਲ ਪਿਛਲੇ 31 ਸਾਲ ਤੋਂ ਪੀੜਤਾਂ ਦੀ ਲੜਾਈ ਨੂੰ ਅਗਲੀ ਕਤਾਰ ‘ਚ ਲੜ ਰਿਹਾ ਹੈ । ਇਸ ਕਰਕੇ ਕਿਸੇ ਵੀ ਕਾਤਲ ਨੂੰ ਕਾਨੂੰਨੀ ਲੜਾਈ ਤੋਂ ਭੱਜਣ ਦਾ ਰਾਹ ਨਹੀਂ ਦਿੱਤਾ ਜਾਵੇਗਾ ।

LEAVE A REPLY